ਕੈਨੇਡਾ : ਲਾਵਾਂ ਦੌਰਾਨ ਲਾੜਾ-ਲਾੜੀ ਨੇ ਕੀਤੀ ਸੀ ਵੱਡੀ ਗਲਤੀ, ਹੁਣ ਮੰਗੀ ਮੁਆਫੀ

07/09/2019 3:32:21 PM

ਓਟਾਵਾ (ਏਜੰਸੀ)- ਕੈਨੇਡਾ ਦੇ ਇਕ ਗੁਰੂ ਘਰ 'ਚ ਲਾਵਾਂ ਦੌਰਾਨ ਸਿੱਖ ਰਹਿਤ-ਮਰਿਆਦਾ ਦੀ ਉਲੰਘਣਾ ਕਰਨ 'ਤੇ ਪਰਿਵਾਰਕ ਮੈਂਬਰਾਂ ਅਤੇ ਗੁਰਦਵਾਰਾ ਕਮੇਟੀ ਨੇ ਮੁਆਫ਼ੀ ਮੰਗ ਲਈ ਹੈ। ਦਰਅਸਲ ਓਕਵਿਲ ਸ਼ਹਿਰ ਦੇ ਗੁਰਦਵਾਰਾ ਸਾਹਿਬ ਵਿਚ ਲਾੜਾ-ਲਾੜੀ ਵਲੋਂ ਕੁਰਸੀਆਂ 'ਤੇ ਬੈਠਣ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦਾ ਸਿੱਖ ਜਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਲਾੜਾ-ਲਾੜੀ ਦੇ ਕੁਰਸੀਆਂ 'ਤੇ ਬੈਠਣ ਪਿੱਛੇ ਦਲੀਲ ਇਹ ਦਿੱਤੀ ਗਈ ਕਿ ਲਾੜੇ ਦੀ ਪਿੱਠ ਵਿਚ ਦਰਦ ਸੀ ਅਤੇ ਹੇਠਾਂ ਬੈਠਣ ਵਿਚ ਮੁਸ਼ਕਲ ਹੁੰਦੀ ਸੀ ਪਰ ਇਹ ਗੱਲਾਂ ਵੀ ਸੁਣਨ ਵਿਚ ਆ ਰਹੀਆਂ ਹਨ ਕਿ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਹੀ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਦੱਸ ਦਿੱਤਾ ਸੀ ਕਿ ਉਨ੍ਹਾਂ ਦਾ ਗੋਰਾ ਜਵਾਈ ਲਾਵਾਂ ਦੌਰਾਨ ਕੁਰਸੀ 'ਤੇ ਬੈਠੇਗਾ।

ਉਧਰ ਪਿੱਠ ਦਰਦ ਨੂੰ ਕੋਰਾ ਬਹਾਨਾ ਕਰਾਰ ਦਿੰਦਿਆਂ ਕੁਝ ਲੋਕਾਂ ਨੇ ਕਿਹਾ ਕਿ ਲਾਵਾਂ ਮਗਰੋਂ ਲਾੜਾ ਛਾਲਾਂ ਮਾਰ ਕੇ ਨੱਚ ਰਿਹਾ ਸੀ ਅਤੇ ਵਿਆਹ ਦੌਰਾਨ ਜਾਣ-ਬੁੱਝ ਕੇ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਗਈ। ਉਨਟਾਰੀਓ ਗੁਰਦਵਾਰਾ ਕਮੇਟੀ ਨੇ ਕਿਹਾ ਕਿ ਓਕਵਿਲ ਗੁਰੂ ਘਰ ਦੇ ਪ੍ਰਬੰਧਕ ਆਪਣੀ ਗਲਤੀ ਲਈ ਮੁਆਫ਼ੀ ਮੰਗ ਚੁੱਕੇ ਹਨ ਅਤੇ ਭਵਿੱਖ ਵਿਚ ਅਜਿਹੀ ਕੋਈ ਕੋਤਾਹੀ ਨਾ ਕਰਨ ਦਾ ਵਾਅਦਾ ਕੀਤਾ ਗਿਆ ਹੈ। ਗੁਰੂ ਘਰ ਵਿਚ ਲਾਵਾਂ ਪੜ੍ਹਣ ਵਾਲੇ ਗ੍ਰੰਥੀ ਸਿੰਘਾਂ ਨੇ ਵੀ ਆਪਣੀ ਗਲਤੀ ਲਈ ਮੁਆਫ਼ੀ ਮੰਗ ਲਈ।

ਦੱਸ ਦਈਏ ਕਿ ਬੀਤੇ ਦਿਨੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੁਰਸੀਆਂ 'ਤੇ ਬੈਠਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਇਨ੍ਹਾਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲੇ ਰਾਗੀ ਸਿੰਘਾਂ ਅਤੇ ਗੁਰਦਾਰਾ ਸਾਹਿਬ ਦੇ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਥੇਦਾਰ ਰਘਬੀਰ ਸਿੰਘ ਦਾ ਕਹਿਣਾ ਸੀ ਕਿ ਅਜਿਹੀਆਂ ਹਰਕਤਾਂ ਜਾਣ-ਬੁੱਝ ਕੇ ਸਿੱਖੀ ਸਿਧਾਂਤਾਂ ਦਾ ਮਜ਼ਾਕ ਉਡਾਉਣ ਲਈ ਕੀਤੀਆਂ ਜਾਂਦੀਆਂ ਹਨ।


Sunny Mehra

Content Editor

Related News