NRI ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਨਾਲ ਮੁੜ ਜੋੜਨ ਵਾਲੇ ਪਵਨ ਦੀਵਾਨ ਦਾ ਸਨਮਾਨ

10/02/2019 10:02:23 AM

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ)— ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਵੱਲੋਂ ਐੱਨ.ਆਰ.ਆਈ. ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਨਾਲ ਮੁੜ ਤੋਂ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਕੈਨੇਡਾ ਸਰਕਾਰ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ। ਪਵਨ ਦੀਵਾਨ ਦਾ ਬਰੈਂਪਟਨ ਵੈਸਟ ਦੇ ਐੱਮ.ਪੀ. ਅਮਰਜੋਤ ਸੰਧੂ ਤੇ ਮਿਸੀਸਾਗਾ ਮਾਲਟਨ ਦੇ ਐੱਮ.ਪੀ. ਦੀਪਕ ਆਨੰਦ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਪ੍ਰਸੰਸਾ ਪੱਤਰ ਵੀ ਸੌਂਪੇ ਗਏ।

ਇਨ੍ਹਾਂ ਪ੍ਰਸ਼ੰਸਾ ਪੱਤਰਾਂ ਵਿਚ ਪਵਨ ਦੀਵਾਨ ਵੱਲੋਂ ਭਾਰਤ ਅਤੇ ਕੈਨੇਡਾ ਦੇ ਦੋਸਤਾਨਾ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕੈਨੇਡਾ ਸਰਕਾਰ ਨੇ ਪਵਨ ਦੀਵਾਨ ਨੂੰ ਸਨਮਾਨਿਤ ਕਰਨ 'ਤੇ ਖੁਸ਼ੀ ਪ੍ਰਗਟਾਈ ਹੈ।ਖਾਸ ਤੌਰ 'ਤੇ ਅਮਰਜੋਤ ਸੰਧੂ ਐੱਮ.ਪੀ. ਨੇ ਕਿਹਾ ਹੈ ਕਿ ਭਾਰਤ ਉਨ੍ਹਾਂ ਦੀ ਜਨਮ ਭੂਮੀ ਹੈ ਅਤੇ ਦੋਨਾਂ ਦੇਸ਼ਾਂ ਵਿਚਾਲੇ ਸੰਬੰਧ ਹੋਰ ਵੀ ਮਜ਼ਬੂਤ ਹੋਏ ਹਨ। ਉੱਥੇ ਹੀ ਦੀਪਕ ਆਨੰਦ ਐੱਮ.ਪੀ. ਨੇ ਕਿਹਾ ਕਿ ਉਹ ਪਵਨ ਦੀਵਾਨ ਦੇ ਉੱਦਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਤਹਿ ਦਿਲੋਂ ਸਵਾਗਤ ਵੀ ਕਰਦੇ ਹਨ।

ਇਸ ਮੌਕੇ ਪਵਨ ਦੀਵਾਨ ਨੇ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਐਨ.ਆਰ.ਆਈ. ਭਾਈਚਾਰੇ ਨੇ ਨਾ ਸਿਰਫ ਕੈਨੇਡਾ ਦੀ ਤਰੱਕੀ ਲਈ ਬਹੁਮੁੱਲਾ ਯੋਗਦਾਨ ਦਿੱਤਾ ਹੈ ਸਗੋਂ ਪੰਜਾਬ ਦੇ ਵਿਕਾਸ ਵਿਚ ਵੀ ਉਹ ਅਹਿਮ ਹਿੱਸਾ ਪਾ ਸਕਦੇ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਨ.ਆਰ.ਆਈ. ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਚੁੱਕੇ ਕਦਮਾਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਪ੍ਰੀਤ ਸਿੰਘ ਔਲਖ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ ਤੇ ਭੁਪਿੰਦਰ ਗਰੇਵਾਲ ਵੀ ਨਾਲ ਮੌਜੂਦ ਸਨ।

Vandana

This news is Content Editor Vandana