ਕੈਨੇਡਾ : ਮਹਿਲਾ ਕਰਮਚਾਰੀ ਦੀ ਹੁਸ਼ਿਆਰੀ ਨੇ ਰੋਕੀ ਚੋਰੀ ਦੀ ਵਾਰਦਾਤ

02/04/2019 12:45:17 PM

ਓਂਟਾਰੀਓ (ਬਿਊਰੋ)— ਕੈਨੇਡਾ ਦੇ ਸੂਬੇ ਓਂਟਾਰੀਓ ਦੇ ਇਕ ਸਟੋਰ ਵਿਚ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਚਰਚਾ ਵਿਚ ਹੈ। ਅਸਲ ਵਿਚ ਇਸ ਮਹਿਲਾ ਨੇ ਆਪਣੀ ਹੁਸ਼ਿਆਰੀ ਨਾਲ ਲੁੱਟ-ਖੋਹ ਕਰਨ ਵਾਲੇ ਨੂੰ ਭੱਜਣ 'ਤੇ ਮਜਬੂਰ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਮਹਿਲਾ ਕੈਸ਼ੀਅਰ ਨੇ ਸ਼ੱਕੀ ਵਿਅਕਤੀ 'ਤੇ ਕੇਲਾ ਸੁੱਟ ਕੇ ਮਾਰਿਆ। ਇਸ ਮਗਰੋਂ ਉਹ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। 

ਜਾਣਕਾਰੀ ਮੁਤਾਬਕ ਓਂਟਾਰੀਓ ਝੀਲ ਦੇ ਕਿਨਾਰੇ ਟੋਰਾਂਟੋ ਨੇੜੇ ਸਥਿਤ ਸਟੋਰ ਵਿਚ ਸ਼ਨੀਵਾਰ ਨੂੰ ਲੁੱਟ-ਖੋਹ ਦੀ ਕੋਸ਼ਿਸ਼ ਕੀਤੀ ਗਈ। ਪੀਲ ਖੇਤਰੀ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਸੁਵਿਧਾ ਸਟੋਰ ਦੀ ਮਹਿਲਾ ਕਰਮਚਾਰੀ ਨੇ ਸ਼ੱਕੀ 'ਤੇ ਇਕ ਕੇਲਾ ਸੁੱਟ ਕੇ ਮਾਰਿਆ। ਇਸ ਮਗਰੋਂ ਸ਼ੱਕੀ ਵਿਅਕਤੀ ਪੈਦਲ ਹੀ ਉੱਥੋਂ ਭੱਜ ਗਿਆ। ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਪੀਲ ਖੇਤਰੀ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਪੁਲਸ ਦੇ ਬੁਲਾਰੇ ਅਖਿਲ ਮੂਕੇਨ ਨੇ ਦੱਸਿਆ ਕਿ ਕੌਕਸ ਵਿਲੇ ਗੋਅ ਸਟੇਸ਼ਨ ਨੇੜੇ ਦੋ ਫਰਵਰੀ ਨੂੰ ਲੁੱਟ-ਖੋਹ ਦੀ ਕੋਸ਼ਿਸ਼ ਦੇ ਬਾਰੇ ਵਿਚ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਮਹਿਲਾ ਕਰਮਚਾਰੀ ਨੇ ਜਾਣਕਾਰੀ ਦਿੱਤੀ ਸੀ ਕਿ ਸ਼ੱਕੀ ਸਟੋਰ ਵਿਚ ਦਾਖਲ ਹੋਇਆ ਅਤੇ ਉਹ ਕੈਸ਼ ਰਜਿਸਟਰ ਵੱਲ ਵਧਿਆ। ਇਸ ਦੌਰਾਨ ਕੈਸ਼ੀਅਰ ਆਪਣੇ ਨੇੜੇ ਰੱਖੇ ਕੇਲਿਆਂ ਦੇ ਢੇਰ ਨੇੜੇ ਪਹੁੰਚੀ ਅਤੇ ਉਸ ਨੇ ਸ਼ੱਕੀ 'ਤੇ ਕੇਲੇ ਸੁੱਟੇ। ਹਫੜਾ-ਦਫੜੀ ਵਿਚ ਸ਼ੱਕੀ ਉੱਥੋਂ ਕੈਸ਼ ਜਾਂ ਕੋਈ ਹੋਰ ਸਾਮਾਨ ਲਏ ਬਿਨਾਂ ਭੱਜ ਗਿਆ। ਪੁਲਸ ਨੇ ਸ਼ੱਕੀ ਵਿਅਕਤੀ ਨੂੰ ਫੜਨ ਲਈ ਜਨਤਕ ਮਦਦ ਦੀ ਅਪੀਲ ਕੀਤੀ ਹੈ।

Vandana

This news is Content Editor Vandana