ਇਸ ਮਾਂ ਦੀ ਬਹਾਦਰੀ ਨੂੰ ਸਲਾਮ, 4 ਗੋਲੀਆਂ ਲੱਗਣ ਦੇ ਬਾਵਜੂਦ ਬੱਚਿਆਂ ਨੂੰ ਬਚਾਉਣ ਲਈ ਮੀਲਾਂ ਤਕ ਚਲਾਈ ਕਾਰ

11/18/2017 2:48:24 PM

ਕੈਲੀਫੋਰਨੀਆ— ਬੀਤੇ ਦਿਨੀਂ ਅਮਰੀਕਾ ਦੇ ਇਕ ਐਲੀਮੈਂਟਰੀ ਸਕੂਲ ਨੇੜੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਸੀ। ਇਸ ਦੌਰਾਨ ਟਿਫਨੀ ਫੋਮਾਥੈਪ ਨਾਂ ਦੀ ਔਰਤ ਨੇ ਆਪਣੇ ਬੱਚਿਆਂ ਨੂੰ ਬਚਾਉਂਦਿਆਂ-ਬਚਾਉਂਦਿਆਂ ਆਪਣੀ ਜਾਨ ਖਤਰੇ 'ਚ ਪਾ ਲਈ। ਆਪਣੇ ਬੱਚਿਆਂ ਨੂੰ ਸੁਰੱਖਿਅਤ ਬਚਾਉਂਦਿਆਂ ਉਸ ਦੇ 4 ਗੋਲੀਆਂ ਲੱਗੀਆਂ ਪਰ ਉਸ ਨੇ ਹਿੰਮਤ ਨਾ ਹਾਰੀ। ਇਸ ਔਰਤ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ 3 ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਸੀ ਪਰ ਉਨ੍ਹਾਂ ਦੇ ਪਰਿਵਾਰ ਦੇ ਗੁਆਂਢੀ ਨੇ ਉਸ ਦੇ ਪਰਿਵਾਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ 44 ਸਾਲਾ ਦੋਸ਼ੀ ਨੂੰ ਪੁਲਸ ਨੇ ਗੋਲੀਆਂ ਨਾਲ ਭੁੰਨ੍ਹ ਕੇ ਮੌਤ ਦੇ ਘਾਟ ਉਤਾਰ ਦਿੱਤਾ।


31 ਸਾਲਾ ਟਿਫਨੀ ਫੋਮਾਥੈਪ ਦੇ ਮੋਢੇ, ਪੇਟ ਅਤੇ ਪਿੱਠ 'ਤੇ ਚਾਰ ਗੋਲੀਆਂ ਵੱਜੀਆਂ। ਉਸ ਦੇ ਪਤੀ ਜੌਨੀ ਨੇ ਦੱਸਿਆ ਕਿ ਹਾਲਾਂਕਿ ਉਹ ਰਸਤੇ 'ਚ ਬੇਹੋਸ਼ ਹੋ ਰਹੀ ਸੀ ਪਰ ਫਿਰ ਵੀ ਕਈ ਮੀਲ ਤਕ ਗੱਡੀ ਚਲਾ ਕੇ ਲੈ ਗਈ। ਉਸ ਨੇ ਦੱਸਿਆ ਕਿ ਰਸਤੇ 'ਚ ਉਸ ਨੂੰ ਇਕ ਔਰਤ ਮਿਲੀ ਤੇ ਉਸ ਨੇ ਉਸ ਦੇ ਤਰਲੇ ਕੀਤੇ ਕਿ ਉਹ ਉਸ ਦੀ ਮਦਦ ਕਰੇ ਕਿਉਂਕਿ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੈ ਤੇ ਉਸ ਦੇ ਛੋਟੇ ਬੱਚੇ ਕਾਰ 'ਚ ਹਨ।

ਇਸ ਔਰਤ ਨੇ ਮਦਦ ਨਾ ਕੀਤੀ ਤੇ ਜਵਾਬ ਦਿੱਤਾ ਕਿ ਉਹ ਕੰਮ 'ਤੇ ਜਾ ਰਹੀ ਹੈ ਤੇ ਜੇਕਰ ਉਸ ਦੀ ਮਦਦ ਕਰੇਗੀ ਤਾਂ ਲੇਟ ਹੋ ਜਾਵੇਗੀ। ਇਸ ਮਗਰੋਂ ਕਈ ਲੋਕ ਉੱਥੋਂ ਲੰਘੇ ਪਰ ਉਨ੍ਹਾਂ ਨੇ ਉਸ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਇਸ ਜ਼ਖਮੀ ਮਾਂ ਅਤੇ ਉਸ ਦੇ ਡਰੇ ਹੋਏ ਬੱਚਿਆਂ ਦੀ ਮਦਦ ਕੀਤੀ। ਇਸ ਬਹਾਦਰ ਮਾਂ ਨੂੰ ਹਰ ਕੋਈ ਹੱਲਾਸ਼ੇਰੀ ਦੇ ਰਿਹਾ ਹੈ। ਉਸ ਦੇ ਬੱਚਿਆਂ ਦੀ ਉਮਰ 10 ਸਾਲ, 2 ਅਤੇ 6 ਸਾਲ ਹੈ ਅਤੇ ਉਸ ਦਾ 14 ਸਾਲਾ ਬੱਚਾ ਉਸ ਸਮੇਂ ਕਾਰ 'ਚ ਨਹੀਂ ਸੀ। ਔਰਤ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਜਦ ਹਮਲਾਵਰ ਉਸ 'ਤੇ ਗੋਲੀਆਂ ਚਲਾ ਰਿਹਾ ਸੀ ਤਾਂ ਉਹ ਪ੍ਰਾਰਥਨਾ ਕਰ ਰਹੀ ਸੀ ਕਿ ਉਸ ਕੋਲ ਕੋਈ ਹੋਰ ਬੰਦੂਕ ਜਾਂ ਗੋਲੀ ਨਾ ਹੋਵੇ। ਪ੍ਰਮਾਤਮਾ ਨੇ ਉਸ ਦੀ ਸੁਣ ਲਈ ਤੇ ਉਸ ਦੇ ਬੱਚੇ ਬਚ ਗਏ।