ਅਮਰੀਕਾ : 3 ਘੰਟੇ ਬਿਜਲੀ ਦੀਆਂ ਤਾਰਾਂ ''ਚ ਫਸਿਆ ਰਿਹਾ ਵਿਅਕਤੀ, ਇੰਝ ਬਚੀ ਜਾਨ

02/23/2020 12:54:33 PM

ਕੈਲੀਫੋਰਨੀਆ— ਅਮਰੀਕਾ ਦੇ ਕੈਲੀਫੋਰਨੀਆ 'ਚ ਇਕ ਪੈਰਾਗਲਾਈਡਰ ਨਾਲ ਹਾਦਸਾ ਵਾਪਰ ਗਿਆ, ਉਹ ਸ਼ਾਮ ਨੂੰ ਉੱਡਦੇ ਹੋਏ ਬਿਜਲੀ ਦੀਆਂ ਤਾਰਾਂ 'ਚ ਫਸ ਕੇ ਤਕਰੀਬਨ 3 ਘੰਟਿਆਂ ਤਕ ਤਾਰਾਂ 'ਤੇ ਲਟਕਦਾ ਰਿਹਾ। ਬਾਅਦ 'ਚ ਬਿਜਲੀ ਕੰਪਨੀ ਅਤੇ ਬਚਾਅ ਦਲ ਦੀ ਮਦਦ ਨਾਲ ਉਸ ਨੂੰ ਹੇਠਾਂ ਉਤਾਰਿਆ ਗਿਆ। ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਉਹ ਸੁਰੱਖਿਅਤ ਬਚ ਗਿਆ।
ਯੂਬਾ ਕਾਊਂਟੀ ਸ਼ੈਰਿਫ ਵਿਭਾਗ ਦੇ ਇਕ ਬਿਆਨ ਮੁਤਾਬਕ ਪੈਰਾਗਲਾਈਡਰ ਪਾਇਲਟ ਬੁੱਧਵਾਰ ਸ਼ਾਮ ਤਕਰੀਬਨ 5 ਵਜੇ ਓਲਿਵਹਸਰਟ 'ਚ ਯੂਬਾ ਕਾਊਂਟੀ ਹਵਾਈ ਅੱਡੇ ਕੋਲ ਬਿਜਲੀ ਲਾਈਨਾਂ ਨਾਲ ਉਲਝ ਗਿਆ। ਅਸਲ 'ਚ ਉਸ ਸਮੇਂ ਸਿੰਗਲ ਪੈਰਾਗਲਾਈਡ ਪਾਇਲਟ ਜ਼ਮੀਨ 'ਚ ਉਤਰਨ ਦੀ ਤਿਆਰੀ ਕਰ ਰਿਹਾ ਸੀ ਅਤੇ ਇਸ ਦੌਰਾਨ ਉਹ ਬਿਜਲੀ ਦੀਆਂ ਤਾਰਾਂ 'ਚ ਉਲਝ ਗਿਆ। ਯੂਟਿਲਟੀ ਕੰਪਨੀ ਪੈਸਿਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ ਨੇ ਆਪਣੇ ਬਚਾਅ ਕਾਰਜ 'ਚ ਮਦਦ ਕਰਨ ਲਈ ਇਸ ਇਲਾਕੇ ਦੀ ਬਿਜਲੀ ਕੱਟ ਦਿੱਤੀ ਤਾਂ ਕਿ ਨੌਜਵਾਨ ਨੂੰ ਕਰੰਟ ਨਾ ਲੱਗੇ।
ਇਸ ਮਗਰੋਂ ਪੈਰਾਗਲਾਈਡਰ ਨੂੰ ਹੇਠਾਂ ਲਿਆਉਣ ਲਈ ਬਚਾਅ ਦਲ ਨੇ ਇਕ ਲੰਬੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਸੀ ਕਿ ਉਹ ਉਸ ਨੂੰ ਦੱਸਦੇ ਰਹਿਣ ਕਿ ਉਹ ਏਅਰਕ੍ਰਾਫਟ ਨਾਲ ਸੰਪਰਕ 'ਚ ਰਹੇ। ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰੇ ਅਤੇ ਓਨਾ ਕੁ ਹੀ ਹਿੱਲੇ ਕਿ ਉਹ ਡਿੱਗੇ ਨਾ।
ਖੁਸ਼ਕਿਸਮਤੀ ਨਾਲ ਪੈਰਾਗਲਾਈਡਰ ਸੁਰੱਖਿਅਤ ਬਚ ਗਿਆ। ਹਾਲਾਂਕਿ ਉਸ ਦਾ ਨਾਂ ਨਹੀਂ ਜਾਰੀ ਕੀਤਾ ਗਿਆ। ਉਨ੍ਹਾਂ ਲਗਭਗ 8.15 ਵਜੇ ਸੁਰੱਖਿਅਤ ਕੱਢ ਕੇ ਜਾਂਚ ਲਈ ਐਂਬੂਲੈਂਸ ਰਾਹੀਂ ਹਸਪਤਾਲ ਲੈ ਜਾਇਆ ਗਿਆ। ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਇਰਲ ਹੋ ਰਿਹਾ ਹੈ।