ਕੈਲੀਫੋਰਨੀਆ ਅੱਗ ਕਾਰਨ ਉੱਜੜੇ ਲੋਕਾਂ ਦੀ ਮਦਦ ਲਈ ਸਿੱਖ ਆਏ ਅੱਗੇ

10/31/2019 12:31:31 PM

ਨਿਊਯਾਰਕ / ਸੇਨ ਰਾਫੇਲ, (ਰਾਜ ਗੋਗਨਾ )— ਬੀਤੇ ਕੁੱਝ ਦਿਨਾਂ ਤੋਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ 'ਚ ਝਾੜੀਆਂ 'ਚ ਲੱਗੀ ਅੱਗ ਨੇ ਵੱਡੀ ਪਰੇਸ਼ਾਨੀ ਖੜ੍ਹੀ ਕੀਤੀ ਹੋਈ ਹੈ। ਇਸ ਕਾਰਨ ਬਹੁਤ ਸਾਰੇ ਲੋਕਾਂ ਦੇ ਘਰ ਸੜ ਗਏ ਹਨ। ਲੋਕ ਆਪਣੇ ਘਰ ਛੱਡ ਕੇ ਸ਼ੈਲਟਰ ਹੋਮਜ਼ 'ਚ ਰਹਿ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਭੋਜਨ ਅਤੇ ਹੋਰ ਜ਼ਰੂਰਤਮੰਦ ਚੀਜ਼ਾਂ ਦੀ ਲੋੜ ਹੈ। ਸਿੱਖ ਜਥੇਬੰਦੀਆਂ ਖੁੱਲ੍ਹ ਕੇ ਇਨ੍ਹਾਂ ਲੋਕਾਂ ਦੀ ਮਦਦ ਲਈ ਪਹੁੰਚ ਰਹੀਆਂ ਹਨ।
 

'ਸਿੱਖਸ ਫਾਰ ਹਿਊਮੈਨਿਟੀ' ਨਾਂ ਦੀ ਜਥੇਬੰਦੀ ਵੱਲੋਂ ਉੱਤਰੀ ਕੈਲੀਫੋਰਨੀਆ ਦੇ ਵੱਖ-ਵੱਖ ਗੁਰੂ ਘਰਾਂ ਦੀ ਮਦਦ ਨਾਲ ਇਨ੍ਹਾਂ ਲੋਕਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਇਸ ਸੰਸਥਾ ਵੱਲੋਂ ਸੇਨ ਰਾਫੇਲ ਸ਼ਹਿਰ ਦੇ ਮੈਰੀਨ ਕਾਊਂਟੀ ਫੇਅਰ ਗਰਾਊਂਡ ਵਿਖੇ ਬਣਾਏ ਗਏ ਆਰਜ਼ੀ ਰਾਹਤ ਕੈਂਪਾਂ ਵਿਚ 700 ਦੇ ਕਰੀਬ ਲੋਕਾਂ ਨੂੰ ਲੰਗਰ ਵਰਤਾਇਆ ਗਿਆ। ਇਸ ਵਿਚ ਹੋਰਨਾਂ ਗੁਰਦੁਆਰਿਆਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਫਰੀਮਾਂਟ ਵੱਲੋਂ ਵੀ ਵੱਡੀ ਮਦਦ ਕੀਤੀ ਗਈ।

ਇਹ ਰਾਹਤ ਕੈਂਪ ਰੈੱਡ ਕਰਾਸ ਅਤੇ ਸਾਲਵੇਸ਼ਨ ਆਰਮੀ ਵੱਲੋਂ ਸਥਾਪਤ ਕੀਤੇ ਗਏ ਹਨ, ਜਿੱਥੇ ਕਿ ਸੋਨੋਮਾ ਕਾਊਂਟੀ ਦੇ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਹਨ। ਇਸ ਇਲਾਕੇ ਵਿਚ 90000 ਏਕੜ ਦੇ ਕਰੀਬ ਹਲਕਾ ਅੱਗ ਦੀ ਲਪੇਟ 'ਚ ਆ ਚੁੱਕਾ ਹੈ, ਜਿਸ ਵਿਚ 200 ਦੇ ਕਰੀਬ ਘਰ ਅਤੇ ਹੋਰ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ।
 

'ਸਿੱਖਸ ਫਾਰ ਹਿਊਮੈਨਿਟੀ' ਨੇ ਇਸ ਨਾਲ ਸੰਬੰਧਤ ਏਜੰਸੀਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਆਪਣੇ ਵੱਲੋਂ ਮਦਦ ਦੇਣ ਦੀ ਪੇਸ਼ਕਸ਼ ਕੀਤੀ। ਰਾਹਤ ਕੈਂਪ ਵਿਚ ਰਹਿ ਰਹੇ ਲੋਕਾਂ ਦੀਆਂ ਅੱਖਾਂ ਵਿਚ ਸਿੱਖਾਂ ਨੂੰ ਦੇਖ ਕੇ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਸੀ। ਇਸੇ ਤਰੀਕੇ ਨਾਲ ਇਸ ਸੰਸਥਾ ਵੱਲੋਂ ਸੈਂਟ ਮੈਰੀਜ਼ ਡਾਈਨਿੰਗ ਰੂਮ, ਸਟਾਕਟਨ 'ਚ 500 ਦੇ ਕਰੀਬ ਲੋਕਾਂ ਨੂੰ ਲੰਗਰ ਵਰਤਾਇਆ ਗਿਆ।