ਕੈਲੀਫੋਰਨੀਆ ''ਚ ਝਾੜੀਆਂ ਨੂੰ ਲੱਗੀ ਅੱਗ ਕਾਰਨ ਇਹ ਮੁੱਖ ਰਸਤਾ ਕੀਤਾ ਗਿਆ ਬੰਦ

07/16/2018 11:41:28 AM

ਮਾਰੀਪੋਸਾ/ਕੈਲੀਫੋਰਨੀਆ (ਭਾਸ਼ਾ)— ਕੈਲੀਫੋਰਨੀਆ ਵਿਚ ਲੱਗੀ ਭਿਆਨਕ ਅੱਗ ਤੇਜ਼ੀ ਨਾਲ ਫੈਲਣ ਕਾਰਨ ਯੋਸਮਾਈਟ ਨੈਸ਼ਨਲ ਪਾਰਕ ਤਕ ਜਾਣ ਦੇ ਮੁੱਖ ਰਸਤੇ ਨੂੰ ਕੱਲ ਭਾਵ ਐਤਵਾਰ ਨੂੰ ਬੰਦ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਦੇ ਕੰਮ 'ਚ ਲੱਗੇ ਕੈਲੀਫੋਰਨੀਆ ਦੇ ਇਕ ਫਾਇਰ ਬ੍ਰਿਗੇਡ ਕਰਮਚਾਰੀ ਦੀ ਮੌਤ ਹੋ ਗਈ, ਜਦਕਿ ਹੋਰ ਕਰਮਚਾਰੀਆਂ ਨੂੰ ਅੱਗ ਬੁਝਾਉਂਦੇ ਸਮੇਂ ਬਹੁਤ ਹੀ ਜ਼ਿਆਦਾ ਤਪਸ਼ ਨਾਲ ਜੂਝਣਾ ਪਿਆ। ਫੇਰਗੁਸਨ ਫਾਇਰ ਪਾਰਕ ਦੇ ਪੱਛਮੀ ਸਿਰੇ 'ਤੇ ਢਲਾਨ ਦੇ ਨਾਲ-ਨਾਲ ਸੁੱਕੀ ਝਾੜੀਆਂ 'ਚ ਲੱਗੀ ਇਹ ਅੱਗ 18 ਵਰਗ ਕਿਲੋਮੀਟਰ ਤਕ ਫੈਲ ਗਈ।
ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ, ਜਿਸ 'ਤੇ ਕਾਬੂ ਕਰਨਾ ਮੁਸ਼ਕਲ ਹੋ ਗਿਆ ਸੀ। ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ 'ਤੇ ਯੋਸਮਾਈਟ ਘਾਟੀ ਸਮੇਤ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਬੰਦ ਕਰ ਦਿੱਤੀ। ਸ਼ਨੀਵਾਰ ਨੂੰ ਢਲਾਨ ਦੇ ਉੱਪਰੀ ਹਿੱਸੇ ਵੱਲ ਅੱਗ ਵਧਣ ਅਤੇ ਧੂੰਏਂ ਦਾ ਗੁਬਾਰ ਦਿਸਣ ਦੇ ਨਾਲ ਹੀ ਮਹਿਮਾਨਾਂ ਨੂੰ ਯੋਸਮਾਈਟ ਸੇਡਾਰ ਲੌਜ ਛੱਡਣ ਦੇ ਹੁਕਮ ਦਿੱਤੇ ਗਏ। ਪਾਰਕ ਦੇ ਅੰਦਰ ਮੌਜੂਦ ਮਸ਼ਹੂਰ ਹੋਟਲ ਦੇ ਇਕ ਕਰਮਚਾਰੀ ਨੇ ਕਿਹਾ ਕਿ ਹੋਟਲਾਂ, ਪਾਰਕਾਂ ਨੂੰ ਖਾਲੀ ਦੇਖਣਾ ਬਹੁਤ ਦੁੱਖ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਉਹ ਘੱਟੋ-ਘੱਟ ਇਕ ਦਿਨ ਹੋਟਲ ਨੂੰ ਬੰਦ ਰੱਖਣਗੇ। ਪਾਰਕ ਦੇ ਬਾਹਰ ਰਹਿਣ ਵਾਲੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ ਅਤੇ ਨੇੜੇ ਦੇ ਹੋਟਲ ਵਿਚ ਰਹਿਣ ਵਾਲਿਆਂ ਨੂੰ ਅੱਗ ਵਧਣ ਦੀ ਸੂਰਤ ਵਿਚ ਇਲਾਕਾ ਛੱਡਣ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ।