ਕੈਲੀਫੋਰਨੀਆ ਅਸੈਂਬਲੀ ਵੱਲੋਂ ਵਿਸਾਖੀ ਮਨਾਉਣ ਲਈ ਮਤਾ ਪਾਸ

04/04/2019 1:01:21 PM

ਸੈਕਰਾਮੈਂਟੋ, (ਰਾਜ ਗੋਗਨਾ)— ਕੈਲੀਫੋਰਨੀਆ ਅਸੈਂਬਲੀ 'ਚ ਵਿਸਾਖੀ ਦਿਵਸ ਮਨਾਏ ਜਾਣ ਬਾਰੇ ਇਕ ਮਤਾ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਹੈ। ਇਸ ਮਤੇ ਨੂੰ ਅਸੈਂਬਲੀ ਮੈਂਬਰ ਐਸ਼ . ਕਾਲੜਾ ਨੇ ਪੇਸ਼ ਕੀਤਾ ਅਤੇ ਅਸੈਂਬਲੀ ਮੈਂਬਰ ਜਿਮ ਕੂਪਰ, ਅਸੈਂਬਲੀ ਮੈਂਬਰ ਬਫੀ ਵਿਕਸ, ਅਸੈਂਬਲੀ ਮੈਂਬਰ ਰੂਡੀ ਸਾਲਸ ਜੂਨੀਅਰ ਅਤੇ ਅਸੈਂਬਲੀ ਮੈਂਬਰ ਜੇਮਸ ਗਲਾਗਰ ਨੇ ਇਸ ਦੀ ਪ੍ਰੋੜਤਾ ਕੀਤੀ। ਪਹਿਲਾਂ ਅਸੈਂਬਲੀ ਮੈਂਬਰ ਐਸ਼ .ਕਾਲੜਾ ਵੱਲੋਂ ਸਿੱਖਾਂ ਦੇ ਤਿਉਹਾਰ ਵਿਸਾਖੀ ਦੀ ਇਤਿਹਾਸਕ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਸ਼੍ਰੀ ਕਾਲੜਾ ਨੇ ਕਿਹਾ ਕਿ 13 ਅਪ੍ਰੈਲ ਨੂੰ ਵਿਸਾਖੀ ਤਿਉਹਾਰ ਸਿੱਖਾਂ ਵੱਲੋਂ ਪੂਰੀ ਦੁਨੀਆ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਕਿਉਂਕਿ 13 ਅਪ੍ਰੈਲ, 1699 ਨੂੰ ਸਿੱਖ ਪੰਥ ਦੀ ਸਾਜਨਾ ਕੀਤੀ ਗਈ ਸੀ।

ਇਸ ਦੌਰਾਨ ਇਸ ਮਤੇ ਦੀ ਪ੍ਰੋੜਤਾ ਕਰਨ ਵਾਲੇ ਸਮੁੱਚੇ ਅਸੈਂਬਲੀ ਮੈਂਬਰਾਂ ਨੇ ਵਿਸਾਖੀ ਬਾਰੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਖਾਸ ਕਰਕੇ ਅਮਰੀਕਾ ਵਿਚ ਰਹਿੰਦੇ ਸਿੱਖਾਂ ਦੀ ਤਾਰੀਫ ਕੀਤੀ। ਇਹ ਮਤਾ 100 ਫੀਸਦੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਇਸ ਉਪਰੰਤ ਇਕ ਵੱਖਰੇ ਹਾਲ ਕਮਰੇ ਵਿਚ ਬਹੁਤ ਸਾਰੇ ਅਸੈਂਬਲੀ ਮੈਂਬਰ ਪਹੁੰਚੇ, ਜਿੱਥੇ ਉਨ੍ਹਾਂ ਨੂੰ ਦਸਤਾਰਾਂ ਸਜਾਈਆਂ ਗਈਆਂ। ਇਸ ਮੌਕੇ ਕੈਲੀਫੋਰਨੀਆ ਭਰ ਤੋਂ ਸਿੱਖ ਆਗੂ ਹਾਜ਼ਰ ਸਨ, ਜਿਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਹਰਬੀਰ ਕੌਰ ਭਾਟੀਆ, ਮਨਮੀਤ ਸਿੰਘ 'ਮੈਨੀ' ਗਰੇਵਾਲ, ਬੌਬੀ ਸਿੰਘ ਐਲਨ, ਗੁਰਜਤਿੰਦਰ ਸਿੰਘ ਰੰਧਾਵਾ, ਕਰਮਜੀਤ ਸਿੰਘ ਬੈਂਸ, ਦਲਜੀਤ ਸਿੰਘ ਸੰਧੂ, ਡਾ. ਜਸਬੀਰ ਸਿੰਘ ਕੰਗ ਵੀ ਹਾਜ਼ਰ ਸਨ। ਇਸ ਸਮਾਗਮ ਦੀ ਜੋਇ ਆਫ ਸੇਵਾ, ਸਿਲੀਕਾਨ ਸੇਜ ਕਮਿਊਨਿਟੀ, ਸੈਨਹੋਜ਼ੇ ਸਥਿਤ ਗੁਰਦੁਆਰਾ ਸਾਹਿਬ ਅਤੇ ਏਕ ਓਂਕਾਰ ਬ੍ਰਿਜਸ ਵੱਲੋਂ ਮਦਦ ਕੀਤੀ ਗਈ ਸੀ।