ਮੱਕੜੀ ਨੂੰ ਮਾਰਨ ਦੇ ਚੱਕਰ ''ਚ ਘਰ ਨੂੰ ਲੱਗੀ ਅੱਗ

01/09/2018 3:56:36 PM

ਕੈਲੀਫੋਰਨੀਆ(ਬਿਊਰੋ)— ਅਮਰੀਕਾ ਦੇ ਕੈਲੀਫੋਰਨੀਆ ਵਿਚ ਰਹਿਣ ਵਾਲੇ ਇਕ ਸ਼ਖਸ ਨੂੰ ਟਾਰਚ ਲਾਈਟ ਦੀ ਮਦਦ ਨਾਲ ਆਪਣੇ ਘਰ ਵਿਚ ਮੌਜੂਦ ਮੱਕੜੀ ਨੂੰ ਮਾਰਨਾ ਮਹਿੰਗਾ ਪੈ ਗਿਆ। ਨੌਰਥ ਅਮਰੀਕਾ ਵਿਚ ਮੱਕੜੀਆਂ ਦੀਆਂ ਕਰੀਬ 200 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਅਤੇ ਕੈਲੀਫੋਰਨੀਆ ਵਿਚ ਮੱਕੜੀ ਦਾ ਪਾਇਆ ਜਾਣਾ ਇਕ ਸਾਧਾਰਨ ਗੱਲ ਹੈ ਪਰ ਮੱਕੜੀਆਂ ਤੋਂ ਪ੍ਰੇਸ਼ਾਨ ਇਸ ਸ਼ਖਸ ਨੇ ਉਨ੍ਹਾਂ ਨੂੰ ਮਾਰਨ ਦੇ ਚੱਕਰ ਵਿਚ ਆਪਣਾ ਘਰ ਹੀ ਸਾੜ ਲਿਆ।
ਅਪਾਰਟਮੈਂਟ ਦੀ ਦੇਖਭਾਲ ਕਰਨ ਵਾਲੇ ਇਸ ਸ਼ਖਸ ਨੇ ਦੱਸਿਆ ਕਿ ਉਥੇ ਰਹਿ ਰਿਹਾ ਇਕ ਵਿਅਕਤੀ ਮੱਕੜੀਆਂ ਤੋਂ ਕਾਫੀ ਪ੍ਰੇਸ਼ਾਨ ਸੀ ਅਤੇ ਉਹ ਉਨ੍ਹਾਂ ਨੂੰ ਟਾਰਚ ਲਾਈਟ ਦੀ ਮਦਦ ਨਾਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਕੋਸ਼ਿਸ਼ ਦੌਰਾਨ ਉਹ ਮੱਕੜੀ ਉਸ ਵਿਅਕਤੀ ਦੇ ਬੈਡ ਅੰਦਰ ਚਲੀ ਗਈ ਅਤੇ ਉਥੇ ਮੌਜੂਦ ਗੱਦੇ ਨੇ ਤੁਰੰਤ ਅੱਗ ਫੜ ਲਈ। ਜਦੋਂ ਤੱਕ ਉਹ ਉਸ ਅੱਗ ਨੂੰ ਬੁਝਾਉਂਦਾ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ।
ਅਪਾਰਟਮੈਂਟ ਦੇ ਲੋਕਾਂ ਨੇ ਤੁਰੰਤ ਫਾਇਰ ਵਿਭਾਗ ਨੂੰ ਫੋਨ ਕਰ ਕੇ ਸੱਦਿਆ ਤਾਂ ਕਿ ਉਹ ਅੱਗ ਬਾਕੀ ਕਮਰਿਆਂ ਵਿਚ ਨਾ ਫੈਲ ਸਕੇ। ਜਿਸ ਤੋਂ ਬਾਅਦ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ 20 ਮਿੰਟ ਦੇ ਅੰਦਰ ਹੀ ਅੱਗ 'ਤੇ ਕਾਬੂ ਪਾ ਲਿਆ। ਇਸ ਘਟਨਾ ਵਿਚ ਕੋਈ ਜ਼ਖਮੀ ਤਾਂ ਨਹੀਂ ਹੋਇਆ ਪਰ ਅੱਗ ਦੀ ਵਜ੍ਹਾ ਨਾਲ ਵਿਅਕਤੀ ਨੂੰ ਕਰੀਬ 11 ਹਜ਼ਾਰ ਡਾਲਰ ਦਾ ਨੁਕਸਾਨ ਜ਼ਰੂਰ ਹੋ ਗਿਆ।