ਆਸਟ੍ਰੇਲੀਆ : ਝਾੜੀਆਂ ''ਚ ਲੱਗੀ ਅੱਗ ਕਾਰਨ ਬਦਲਿਆ ਆਸਮਾਨ ਦਾ ਰੰਗ

03/04/2019 12:44:30 PM

ਮੈਲਬੌਰਨ, (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਝਾੜੀਆਂ ਦੀ ਅੱਗ ਨੇ ਆਸਮਾਨ ਦਾ ਰੰਗ ਵੀ ਬਦਲ ਦਿੱਤਾ ਹੈ, ਜੋ ਲਾਲ ਦਿਖਾਈ ਦੇ ਰਿਹਾ ਹੈ। ਧੂੰਏਂ ਦੇ ਗੁਬਾਰ ਉੱਠ ਰਹੇ ਹਨ ਅਤੇ ਅਸਥਮਾ ਪੀੜਤ ਲੋਕਾਂ ਨੂੰ ਇਸ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਇੱਥੇ 1000 ਤੋਂ ਵਧੇਰੇ ਫਾਇਰ ਫਾਈਟਰਜ਼ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅੱਗ 'ਤੇ ਅਜੇ ਤਕ ਕਾਬੂ ਨਹੀਂ ਪਾਇਆ ਜਾ ਸਕਿਆ। 40 ਡਿਗਰੀ ਸੈਲਸੀਅਸ ਤਾਪਮਾਨ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ 'ਚ ਵਾਧਾ ਕਰ ਦਿੱਤਾ ਹੈ।

ਤੁਹਾਨੂੰ ਦੱਸ ਦਈਏ ਕਿ ਵਿਕਟੋਰੀਆ 'ਚ 3 ਦਿਨਾਂ ਤੋਂ ਝਾੜੀਆਂ ਨੂੰ ਅੱਗ ਲੱਗੀ ਹੋਈ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਘਰ ਖਾਲੀ ਕਰਵਾਏ ਗਏ ਹਨ। ਤਾਜਾ ਜਾਣਕਾਰੀ ਮੁਤਾਬਕ ਵਿਕਟੋਰੀਆ ਦੇ ਬੁਨਯਿਪ ਸਟੇਟ ਪਾਰਕ 'ਚ ਲੱਗੀ ਅੱਗ ਕਾਰਨ 14,800 ਏਕੜ ਜ਼ਮੀਨ ਸੜ ਕੇ ਸਵਾਹ ਹੋ ਗਈ ਹੈ। ਹੁਣ ਤਕ 9 ਇਮਾਰਤਾਂ ਜਿਨ੍ਹਾਂ 'ਚ ਕੁਝ ਘਰ ਵੀ ਹਨ, ਸੜ ਚੁੱਕੇ ਹਨ।

ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਟੀ. ਵੀ. 'ਤੇ ਆਪਣਾ ਘਰ ਅੱਗ ਦੀਆਂ ਲਪਟਾਂ 'ਚ ਸੜਦਾ ਦੇਖਿਆ ਜੋ ਉਸ ਲਈ ਅਸਿਹਣਯੋਗ ਸੀ। ਉਸ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਆਪਣੇ ਘਰ ਨੂੰ ਸਜਾ ਕੇ ਰੱਖ ਰਿਹਾ ਸੀ ਪਰ ਕੁਝ ਪਲਾਂ 'ਚ ਹੀ ਇਹ ਸੜ ਗਿਆ। ਵਿਕਟੋਰੀਆ ਦੇ ਐਮਰਜੈਂਸੀ ਪ੍ਰਬੰਧਕ ਕਮਿਸ਼ਨਰ ਐਂਡਰੀਓ ਕ੍ਰਿਸਪ ਨੇ ਦੱਸਿਆ ਕਿ ਉਹ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਆਸਟ੍ਰੇਲੀਆ 'ਚ ਫਰਵਰੀ ਮਹੀਨੇ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਝਾੜੀਆਂ ਦੀ ਅੱਗ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਲਗਾਤਾਰ ਵਧ ਰਹੀਆਂ ਹਨ।