ਵਿਕਟੋਰੀਆ ''ਚ ਡੂੰਘੀ ਖੱਡ ''ਚ ਡਿੱਗੀ ਬੱਸ, 1 ਦੀ ਮੌਤ ਅਤੇ 18 ਜ਼ਖਮੀ

10/14/2017 2:41:44 PM

ਵਿਕਟੋਰੀਆ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ 18 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਵਿਕਟੋਰੀਆ ਦੇ ਸਨਰੇਸੀਆ ਹਾਈਵੇਅ 'ਤੇ ਵਾਪਰਿਆ। ਹਾਦਸਾ ਦੁਪਹਿਰ ਤਕਰੀਬਨ 3 ਵਜ ਕੇ 10 ਮਿੰਟ 'ਤੇ ਵਾਪਰਿਆ। ਬੱਸ ਕਿਸੇ ਟੂਰਨਾਮੈਂਟ ਤੋਂ ਵਾਪਸ ਆ ਰਹੀ ਸੀ ਅਤੇ ਡਰਾਈਵਰ ਬੱਸ ਤੋਂ ਆਪਣਾ ਕੰਟਰੋਲ ਗੁਆ ਬੈਠਾ, ਜਿਸ ਕਾਰਨ ਬੱਸ ਇਕ ਖੱਡ 'ਚ ਜਾ ਡਿੱਗੀ। ਬੱਸ ਕੁੱਲ 30 ਲੋਕ ਸਵਾਰ ਸਨ। 


ਵਿਕਟੋਰੀਆ ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਕ ਔਰਤ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਬਚਾਅ ਕਰਮਚਾਰੀ ਦੀ ਟੀਮ ਪਹੁੰਚ ਗਈ ਹੈ ਅਤੇ ਬਚਾਅ ਕੰਮ ਜਾਰੀ ਹੈ। ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਅਲਫਰੈਡ ਹਸਪਤਾਲ ਪਹੁੰਚਾਇਆ ਗਿਆ ਹੈ। ਜਦੋਂ ਕਿ ਬਾਕੀਆਂ ਨੂੰ ਰਾਇਲ ਮੈਲਬੌਰਨ ਹਸਪਤਾਲ 'ਚ ਪਹੁੰਚਾਇਆ ਗਿਆ ਹੈ। ਹਾਦਸੇ ਤੋਂ ਬਾਅਦ ਸਨਰੇਸੀਆ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਅਤੇ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।