ਪਾਕਿਸਤਾਨ 'ਚ ਬੱਸ ਅਤੇ ਟਰੱਕ ਵਿਚਕਾਰ ਟੱਕਰ, 18 ਦੀ ਮੌਤ

07/16/2018 2:13:32 PM

ਹੈਦਰਾਬਾਦ,(ਭਾਸ਼ਾ)— ਪਾਕਿਸਤਾਨ 'ਚ ਹੈਦਰਾਬਾਦ ਦੇ ਮਤੀਰੀ ਨੇੜੇ ਰਾਸ਼ਟਰੀ ਹਾਈਵੇਅ 'ਤੇ ਬਰਾਤੀਆਂ ਨੂੰ ਲੈ ਜਾ ਰਹੀ ਬੱਸ ਦੀ ਇਕ ਟਰੇਲਰ ਟਰੱਕ (ਟਰਾਲਾ) ਨਾਲ ਟੱਕਰ ਹੋ ਗਈ, ਜਿਸ ਕਾਰਨ 18 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹੋਰ 30 ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਮੈਡੀਕਲ ਮਦਦ ਦਿੱਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਬਹੁਤ ਤੇਜ਼ ਰਫਤਾਰ 'ਚ ਸੀ ਅਤੇ ਇਹ ਬੱਸ ਨਾਲ ਜਾ ਟਕਰਾਇਆ।

ਸੂਤਰਾਂ ਮੁਤਾਬਕ ਹੈਦਰਾਬਾਦ ਦੇ ਮਤੀਰੀ 'ਚ ਐਤਵਾਰ ਦੇਰ ਰਾਤ ਨੂੰ ਇਹ ਦੁਰਘਟਨਾ ਵਾਪਰੀ , ਉਸ ਸਮੇਂ ਬੱਸ ਸਕਰੰਦ ਤੋਂ ਬਰਾਤੀਆਂ ਨੂੰ ਲੈ ਕੇ ਹੈਦਰਾਬਾਦ ਆ ਰਹੀ ਸੀ। ਪੁਲਸ ਅਤੇ ਬਚਾਅ ਦਲ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਭਰਤੀ ਕਰਵਾਇਆ। ਅਜੇ ਤਕ ਇਹ ਜਾਣਕਾਰੀ ਨਹੀਂ ਮਿਲੀ ਕਿ ਟਰੱਕ ਦੇ ਡਰਾਈਵਰ ਦੀ ਸਥਿਤੀ ਕਿਹੋ-ਜਿਹੀ ਹੈ।