ਬੱਸ ਹਾਦਸੇ ''ਚ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਲਈ ਹਸਪਤਾਲ ਪੁੱਜੇ ਕਿਮ ਜੋਂਗ ਉਨ

04/25/2018 12:34:25 PM

ਪਿਓਂਗਯਾਂਗ— ਉਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਉਨ ਦੀ ਇਨ੍ਹੀਂ ਦਿਨੀਂ ਇਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਵਿਚ ਉਹ ਐਤਵਾਰ ਨੂੰ ਹੋਏ ਬੱਸ ਹਾਦਸੇ ਵਿਚ ਜ਼ਖਮੀ ਲੋਕਾਂ ਨੂੰ ਮਿਲਣ ਲਈ ਹਸਪਤਾਲ ਪਹੁੰਚੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਵਿਚ 32 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰਤ ਮੀਡੀਆ ਨੇ ਕਿਹਾ ਕਿ ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਬੱਸ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ 'ਡੂੰਘਾ ਦੁੱਖ' ਪ੍ਰਗਟ ਕੀਤਾ।
ਉਤਰੀ ਕੋਰੀਆ ਦੀਆਂ ਲੱਗਭਗ ਸਾਰੀਆਂ ਅਖਬਾਰਾਂ ਵਿਚ ਕਿਮ ਜੋਂਗ ਉਨ ਦੀ ਤਸਵੀਰ ਨੂੰ ਪਹਿਲੇ ਪੇਜ਼ 'ਤੇ ਜਗ੍ਹਾ ਦਿੱਤੀ ਗਈ ਹੈ, ਜਿਸ ਵਿਚ ਉਨ੍ਹਾਂ ਨੇ ਹਾਦਸੇ ਵਿਚ ਜ਼ਖਮੀ ਇਕ ਮਰੀਜ ਦਾ ਹੱਥ ਫੜਿਆ ਹੋਇਆ ਹੈ। ਕਿਮ ਨੇ ਮੁਲਾਕਾਤ ਕਰਦੇ ਹੋਏ ਕਿਹਾ, 'ਇਸ ਅਚਾਨਕ ਹੋਈ ਘਟਨਾ ਨੇ ਦਿਲ ਨੂੰ ਬਹੁਤ ਦੁੱਖ ਪਹੁੰਚਾਇਆ ਹੈ ਅਤੇ ਮੈਂ ਉਨ੍ਹਾਂ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਹਾਦਸੇ ਵਿਚ ਗੁਆਇਆ ਹੈ।'
ਦੱਸਣਯੋਗ ਹੈ ਕਿ ਕਿਮ ਜੋਂਗ ਉਨ ਨੇ ਉਤਰੀ ਕੋਰੀਆਈ ਰਾਸ਼ਟਰਪਤੀ ਦੇ ਰੂਪ ਵਿਚ 2011 ਵਿਚ ਸੱਤਾ ਸੰਭਾਲਦੀ ਸੀ ਅਤੇ ਉਦੋਂ ਤੋਂ ਹੀ ਉਹ ਆਪਣੇ ਪ੍ਰਮਾਣੂ ਪ੍ਰੀਖਣਾ, ਪਾਬੰਦੀਆਂ ਅਤੇ ਹੋਰ ਕਈਂ ਕਾਰਨਾਂ ਕਾਰਨ ਹਮੇਸ਼ਾ ਸੁਰਖੀਆਂ ਵਿਚ ਰਹੇ ਹਨ। ਹਾਲਾਂਕਿ ਪਿਛਲੇ ਕੁੱਝ ਮਹੀਨਿਆਂ ਵਿਚ ਕਿਮ ਜੋਂਗ ਉਨ ਨੇ ਖੁਦ ਵਿਚ ਕਾਫੀ ਬਦਲਾਅ ਲਿਆਉਂਦਾ ਹੈ।
ਪਿਛਲੇ ਹਫਤੇ ਕਿਮ ਜੋਂਗ ਉਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਬੰਦ ਕਰਨ ਦਾ ਵੀ ਐਲਾਨ ਕੀਤਾ ਹੈ। ਕਿਮ ਜੋਂਗ ਉਨ ਦੇ ਇਸ ਐਲਾਨ ਤੋਂ ਬਾਅਦ ਅਮਰੀਕਾ ਨੇ ਪੂਰੀ ਦੁਨੀਆ ਲਈ ਇਸ ਨੂੰ 'ਚੰਗੀ ਖਬਰ' ਦੱਸਿਆ। ਉਥੇ ਹੀ ਚੀਨ ਅਤੇ ਰੂਸ ਨੇ ਵੀ ਉਤਰੀ ਕੋਰੀਆ ਦੀ ਤਾਰੀਫ ਕੀਤੀ। ਕਿਮ ਜੋਂਗ ਉਨ ਨੇ ਕਿਹਾ ਕਿ ਆਰਥਿਕ ਪਾਬੰਦੀਆਂ ਕਾਰਨ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ ਅਤੇ ਉਹ ਹੁਣ ਆਪਣੇ ਦੇਸ਼ ਦੀ ਅਰਥ-ਵਿਵਸਥਾ 'ਤੇ ਧਿਆਨ ਦੇਣਾ ਚਾਹੁੰਦੇ ਹਨ।