6 ਦਿਨਾਂ ਤੋਂ ਬਿਨਾਂ ਫੇਫੜਿਆਂ ਦੇ ਰਹੀ ਜ਼ਿੰਦਾ, ਇਕ ਉਮੀਦ ਦੇ ਸਹਾਰੇ ਮੌਤ ਦੇ ਮੂੰਹ ’ਚੋਂ ਖਿੱਚ ਲਿਆਏ ਡਾਕਟਰ (ਦੇਖੋ ਤਸਵੀਰਾਂ)

01/28/2017 3:49:00 PM

ਟੋਰਾਂਟੋ- ਕੈਨੇਡਾ ਵਿਚ ਲੰਗਜ਼ ਟਰਾਂਸਪਲਾਂਟ ਯਾਨੀ ਕਿ ਫੇਫੜਿਆਂ ਦੇ ਟਰਾਂਸਪਲਾਂਟ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਪਹਿਲਾਂ ਨਾ ਕਦੇ ਸੁਣਿਆ ਅਤੇ ਨਾ ਕਦੇ ਦੇਖਿਆ। ਇੱਥੇ ਬਰਲਿੰਗਟਨ ਦੀ ਇਕ ਔਰਤ ਮੇਲਿਸਾ ਦੇ ਸਰੀਰ ਵਿਚ ਫੇਫੜਿਆਂ ਦੀ ਇਨਫੈਕਸ਼ਨ ਫੈਲਦੀ ਜਾ ਰਹੀ ਸੀ। ਇਸ ਨੂੰ ਰੋਕਣ ਲਈ ਇੱਕੋ ਉਮੀਦ ਸੀ ਲੰਗਜ਼ ਟਰਾਂਸਪਲਾਂਟ ਪਰ ਡੋਨਰ ਨਾ ਮਿਲਣ ਕਰਕੇ ਅਜਿਹਾ ਕਰਨਾ ਮੁਮਕਿਨ ਨਹੀਂ ਸੀ। ਉਸ ਦੇ ਸਰੀਰ ਦੇ ਸਾਰੇ ਅੰਗ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਰਹੇ ਸਨ। ਇਸੇ ਦੌਰਾਨ ਡਾਕਟਰਾਂ ਨੇ ਸਿਰਫ ਇੱਕ ਉਮੀਦ ਦੇ ਸਹਾਰੇ ਕੁਝ ਅਜਿਹਾ ਕੀਤਾ, ਜੋ ਸ਼ਾਇਦ ਪਹਿਲਾਂ ਕਦੇ ਨਹੀਂ ਕੀਤਾ ਗਿਆ। ਡਾਕਟਰਾਂ ਨੇ ਉਸ ਦੇ ਫੇਫੜੇ ਕੱਢ ਦਿੱਤੇ। ਛੇ ਦਿਨਾਂ ਤੱਕ ਮੇਲਿਸਾ ਨੂੰ ਆਰਟੀਫਿਸ਼ਲ ਲਾਈਫ ਸਪੋਟਿੰਗ ਸਿਸਟਮ ਦੀ ਮਦਦ ਨਾਲ ਜ਼ਿੰਦਾ ਰੱਖਿਆ ਗਿਆ। ਇਸ ਦੌਰਾਨ ਡਾਕਟਰਾਂ ਨੂੰ ਉਸ ਲਈ ਡੋਨਰ ਮਿਲ ਗਿਆ ਅਤੇ ਉਸ ਦੇ ਫੇਫੜਿਆਂ ਦਾ ਟਰਾਂਸਪਲਾਂਟ ਕਰਕੇ ਡਾਕਟਰਾਂ ਨੇ ਮੇਲਿਸਾ ਨੂੰ ਇਕ ਨਵੀਂ ਜ਼ਿੰਦਗੀ ਦੇ ਦਿੱਤੀ। ਡਾਕਟਰਾਂ ਦਾ ਦਾਅਵਾ ਹੈ ਦੁਨੀਆ ਵਿਚ ਪਹਿਲੀ ਵਾਰ ਅਜਿਹਾ ਕੀਤਾ ਗਿਆ। 
33 ਸਾਲਾ ਮੇਲਿਸਾ ਸਿਸਟਿਕ ਫਾਈਬ੍ਰੋਸਿਸ ਨਾਮੀ ਬੀਮਾਰੀ ਨਾਲ ਪੀੜਤ ਸੀ। ਇਹ ਇਕ ਤਰ੍ਹਾਂ ਦੀ ਅਣੂਵੰਸ਼ਿਕ ਬੀਮਾਰੀ ਹੈ, ਜਿਸ ਵਿਚ ਫੇਫੜਿਆਂ ਵਿਚ ਰੇਸ਼ਾ ਬਣਦੀ ਹੈ। ਇਹ ਵਿਅਕਤੀ ਦੀ ਪਾਚਨ ਪ੍ਰਕਿਰਿਆ ਨੂੰ ਵੀ ਪ੍ਰਭਾਵਿਤ ਕਰਦੀ ਹੈ। ਪਿਛਲੇ ਸਾਲ ਮੇਲਿਸਾ ਇਨਫਲੂਏਜ਼ਾ ਦੀ ਸ਼ਿਕਾਰ ਹੋਈ ਸੀ। ਇਸ ਦੇ ਬਾਅਦ ਤੋਂ ਹੀ ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ ਸੀ। ਉਸ ’ਤੇ ਐਂਟੀ-ਬਾਇਓਟਿਕ ਦਵਾਈਆਂ ਨੇ ਵੀ ਅਸਰ ਕਰਨਾ ਬੰਦ ਕਰ ਦਿੱਤਾ ਸੀ। ਟਰਾਂਸਪਲਾਂਟ ਹੀ ਇਕਲੌਤਾ ਰਸਤਾ ਬਚਿਆ ਸੀ ਪਰ ਇਸ ਲਈ ਇਕ ਡੋਨਰ ਮਿਲਣਾ ਬਹੁਤ ਜ਼ਰੂਰੀ ਸੀ। ਬਿਨਾਂ ਡੋਨਰ ਦੇ ਉਸ ਦੀ ਫੇਫੜੇ ਹਟਾਏ ਜਾਣ ਦੌਰਾਨ ਉਸ ਦੇ ਬਚਣ ਦੀ ਸਿਰਫ ਇਕ ਫੀਸਦੀ ਹੀ ਉਮੀਦ ਸੀ ਅਤੇ ਇਹ ਇਕ ਫੀਸਦੀ ਉਮੀਦ ਹੀ ਰੰਗ ਲਿਆਈ ਅਤੇ ਉਹ ਮੇਲਿਸਾ ਨੂੰ ਮੌਤ ਦੇ ਮੂੰਹ ’ਚੋਂ ਖਿੱਚ ਲਿਆਏ। ਮੇਲਿਸਾ ਨੇ ਕਿਹਾ ਕਿ ਜਦੋਂ ਡਾਕਟਰਾਂ ਨੇ ਉਸ ਨੂੰ ਇਸ ਟਰਾਂਸਪਲਾਂਟ ਬਾਰੇ ਦੱਸਿਆ ਤਾਂ ਉਸ ਨੂੰ ਇਹ ਇਕ ਕਲਪਨਾ ਵਾਂਗ ਲੱਗਿਆ।

Kulvinder Mahi

This news is News Editor Kulvinder Mahi