ਆਸਟ੍ਰੇਲੀਆ : ਸਾਲਾਂ ਦੀ ਮਿਹਨਤ ਨੂੰ ਪਿਆ ਸੀ ਬੂਰ ਪਰ ਹੱਥੀਂ ਬਰਬਾਦ ਕਰ ਬੈਠਾ ਜ਼ਿੰਦਗੀ

09/16/2019 11:29:10 AM

ਮੈਲਬੌਰਨ— ਆਸਟ੍ਰੇਲੀਆ ਪੁੱਜਣ ਲਈ ਬਹੁਤ ਸਾਰੇ ਸ਼ਰਣਾਰਥੀ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਾ ਬੈਠਦੇ ਹਨ ਪਰ ਕੁੱਝ ਲੋਕਾਂ ਨੂੰ ਹੀ ਸਫਲਤਾ ਮਿਲਦੀ ਹੈ ਤੇ ਬਹੁਤ ਘੱਟ ਇਸ ਸਫਲਤਾ ਦੀ ਸਹੀ ਵਰਤੋਂ ਕਰਦੇ ਹਨ। ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ 'ਚ ਰਹਿ ਰਹੇ 24 ਸਾਲਾ ਅਮਾਦ ਜ਼ਾਰਘਮੀ ਦੀ , ਜਿਸ ਨੇ ਬਚਪਨ 'ਚ ਆਪਣੇ ਪਰਿਵਾਰ ਨਾਲ ਇੰਡੋਨੇਸ਼ੀਆ-ਈਰਾਨ ਤੋਂ ਆਸਟ੍ਰੇਲੀਆ ਪੁੱਜਣ ਲਈ ਲੱਖਾਂ ਪਾਪੜ ਵੇਲੇ ਪਰ ਨਸ਼ਾ ਤਸਕਰੀ ਦੀ ਦਲਦਲ 'ਚ ਫਸ ਕੇ ਹੁਣ ਉਹ ਅਦਾਲਤ ਦੇ ਚੱਕਰ ਲਗਾ ਰਿਹਾ ਹੈ। ਉਸ ਨੂੰ ਬੁੱਧਵਾਰ ਨੂੰ ਮੈਲਬੌਰਨ ਅਦਾਲਤ ਨੇ ਸਜ਼ਾ ਸੁਣਾਉਣੀ ਹੈ। ਦਸੰਬਰ 2017 'ਚ ਉਸ ਦੀ ਆਡੀ ਗੱਡੀ 'ਚੋਂ 280 ਗ੍ਰਾਮ ਡਰਗਜ਼ ਮਿਲੀ ਸੀ। ਉਸ ਕੋਲੋਂ ਵੱਡੀ ਮਾਤਰਾ 'ਚ ਪੈਸੇ ਵੀ ਮਿਲੇ ਸਨ। ਜਾਣਕਾਰੀ ਮੁਤਾਬਕ ਉਹ ਭੰਗ, ਕੋਕੀਨ ਸਮੇਤ ਹੋਰ ਕਈ ਨਸ਼ੀਲੇ ਪਦਾਰਥ ਵੇਚਦਾ ਸੀ।
 

ਸ਼ਰਣਾਰਥੀ ਹੋਣ ਦੇ ਬਾਵਜੂਦ ਗੱਡੀ ਦਾ ਮਾਲਕ ਬਣੇ ਅਮਾਦ ਦੀ ਜ਼ਿੰਦਗੀ ਬਹੁਤ ਮੁਸ਼ਕਲ ਦੌਰ 'ਚੋਂ ਨਿਕਲੀ ਸੀ। ਇਹ ਪਰਿਵਾਰ ਕਿਸ਼ਤੀਆਂ ਰਾਹੀਂ ਡਿੱਗਦਾ-ਢਹਿੰਦਾ ਆਸਟ੍ਰੇਲੀਆ ਪੁੱਜਾ ਤੇ ਲੰਬੇ ਸਮੇਂ ਤਕ ਸ਼ਰਣਾਰਥੀ ਕੋਟੇ 'ਚ ਆਉਣ ਲਈ ਕੋਸ਼ਿਸ਼ਾਂ ਕਰਦਾ ਰਿਹਾ ਸੀ। ਅਮਾਦ ਦੀ ਕਿਸਮਤ ਨੇ ਸਾਥ ਦਿੱਤਾ ਤੇ ਉਸ ਨੇ ਚੰਗੀ ਪੜ੍ਹਾਈ ਕਰਕੇ ਸਕਾਲਰਸ਼ਿਪ ਪ੍ਰਾਪਤ ਕੀਤੀ ਸੀ। ਉਸ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਕਾਮਬਰਵੈੱਲ 'ਚ ਬਰਗਰ ਰੈਸਟੋਰੈਂਟ ਵੀ ਖੋਲ੍ਹਿਆ ਸੀ ਤੇ ਕਾਫੀ ਮਸ਼ਹੂਰ ਹੋਇਆ ਪਰ ਇਹ ਸਭ ਕੁੱਝ ਦੇਰ ਲਈ ਰਿਹਾ ਕਿਉਂਕਿ ਅਮਾਦ ਨਸ਼ਾ ਤਸਕਰੀ ਕਰਨ ਲੱਗ ਗਿਆ ਸੀ। ਉਸ ਦੀਆਂ ਗਲਤੀਆਂ ਕਾਰਨ ਉਸ ਦਾ ਰੈਸਟੋਰੈਂਟ ਹੁਣ ਵਿਕ ਚੁੱਕਾ ਹੈ। ਅਦਾਲਤ ਨੇ ਅੱਜ ਸੁਣਵਾਈ ਦੌਰਾਨ ਕਿਹਾ ਕਿ ਉੁਸ ਕੋਲ ਇਕ ਵੱਡੀ ਕਾਰ ਸੀ ਤੇ ਉਹ ਕੈਸੀਨੋ ਜਾਂਦਾ ਸੀ। ਉਸ ਨੇ ਕੰਮ ਕਰਕੇ ਨਹੀਂ ਸਗੋਂ ਕਾਰਡ ਖੇਡ ਕੇ ਸਮਾਂ ਬਰਬਾਦ ਕੀਤਾ ਹੈ। ਇਸ ਸ਼ਰਣਾਰਥੀ ਦੀ ਅਜਿਹੀ ਗਲਤੀ ਕਾਰਨ ਹਰ ਕੋਈ ਹੈਰਾਨ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਨੂੰ ਇੰਝ ਬਰਬਾਦ ਕਿਉਂ ਕਰ ਲਿਆ। ਜੇਕਰ ਉਹ ਰੈਸਟੋਰੈਂਟ ਦੀ ਕਮਾਈ ਨਾਲ ਹੀ ਗੁਜ਼ਾਰਾ ਕਰਦਾ ਰਹਿੰਦਾ ਤਾਂ ਉਸ ਦੀ ਜ਼ਿੰਦਗੀ ਜੇਲ 'ਚ ਨਹੀਂ ਬਰਬਾਦ ਹੋਣੀ ਸੀ।