ਇਟਲੀ ਦੀ ਸਹਾਇਤਾ ਨਾਲ ਪਾਕਿਸਤਾਨ 'ਚ ਠੀਕ ਕੀਤੀ ਗਈ ਮਹਾਤਮਾ ਬੁੱਧ ਦੀ ਮੂਰਤੀ

07/13/2018 1:08:14 PM

ਮਿੰਗੋਰਾ,(ਏਜੰਸੀਆਂ)— ਪਾਕਿਸਤਾਨ ਦੇ ਸਵਾਤ ਵਿਚ ਇਕ ਚੱਟਾਨ 'ਤੇ ਬਣੀ ਹੋਈ ਮਹਾਤਮਾ ਬੁੱਧ ਦੀ ਮੂਰਤੀ ਨੂੰ 2007 ਵਿਚ ਪਾਕਿਸਤਾਨੀ ਤਾਲਿਬਾਨ ਨੇ ਤੋੜ ਦਿੱਤਾ ਸੀ। ਹੁਣ ਇਸ ਮੂਰਤੀ ਨੂੰ ਫਿਰ ਤੋਂ ਸਥਾਪਤ ਕੀਤਾ ਗਿਆ ਹੈ, ਇਹ ਮੂਰਤੀ ਹੁਣ ਸਵਾਤ ਘਾਟੀ ਵਿਚ ਸਦਭਾਵਨਾ ਦੇ ਸ਼ਕਤੀਸ਼ਾਲੀ ਪ੍ਰਤੀਕ ਦੇ ਤੌਰ 'ਤੇ ਉਭਰ ਰਹੀ ਹੈ। ਇਟਲੀ ਦੇ ਮੂਰਤੀਕਾਰਾਂ ਦੇ ਸਾਥ ਨਾਲ ਮੂਰਤੀ ਨੂੰ ਮੁੜ ਠੀਕ ਕੀਤਾ ਗਿਆ ਹੈ। ਇਹ ਮੂਰਤੀ 6 ਮੀਟਰ ਉੱਚੀ ਹੈ। ਇਸ ਦਾ ਆਧਾਰ ਕਮਲ ਦੇ ਫੁੱਲ ਦੇ ਆਕਾਰ ਦਾ ਹੈ ਜੋ ਗ੍ਰੇਨਾਈਟ ਪੱਥਰ ਨਾਲ ਬਣਿਆ ਹੈ। 
ਜ਼ਿਕਰਯੋਗ ਹੈ ਕਿ 2001 ਵਿਚ ਬਾਮਿਯਾਨ ਦੀ ਤਰਜ਼ 'ਤੇ 2007 ਵਿਚ ਇਸ ਮੂਰਤੀ ਨੂੰ ਡਾਇਨਾਮਾਈਟ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨਾਲ ਇਸ ਮੂਰਤੀ ਨੂੰ ਬਹੁਤ ਨੁਕਸਾਨ ਪਹੁੰਚਿਆ ਸੀ। ਸਵਾਤ ਵਿਚ ਰਹਿਣ ਵਾਲੇ ਕਈ ਲੋਕ, ਜੋ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਰੱਖਦੇ, ਨੇ ਵੀ 2007 'ਚ ਇਸ ਹਮਲੇ ਦੀ ਸ਼ਲਾਘਾ ਕੀਤੀ ਸੀ ਅਤੇ ਬੁੱਧ ਦੀ ਮੂਰਤੀ ਨੂੰ 'ਇਸਲਾਮ ਵਿਰੋਧੀ' ਕਰਾਰ ਦਿੱਤਾ ਸੀ।
ਇਤਾਲਵੀ ਪੁਰਾਤੱਤਵ ਦੀ ਦੇਖ-ਰੇਖ 'ਚ ਚੱਲ ਰਿਹੈ ਕੰਮ—
ਜਦ ਹਾਲਾਤ ਥੋੜ੍ਹੇ ਠੀਕ ਹੋਏ ਤਾਂ ਇਟਲੀ ਦੀ ਸਰਕਾਰ ਇਸ ਮੂਰਤੀ ਦੀ ਮੁਰੰਮਤ ਲਈ ਅੱਗੇ ਆਈ। ਉਸ ਨੇ 2.5 ਮਿਲੀਅਨ ਯੂਰੋ (20 ਕਰੋੜ ਰੁਪਏ) ਦਾ ਖਰਚਾ ਕਰਕੇ 5 ਸਾਲਾਂ 'ਚ ਇਸ ਮੂਰਤੀ ਨੂੰ ਮੁੜ ਠੀਕ ਕਰਨ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਮੁਤਾਬਕ ਮੂਰਤੀ ਨੂੰ ਪਹਿਲਾਂ ਵਾਲੀ ਸਥਿਤੀ 'ਚ ਲਿਆਉਣਾ ਮੁਸ਼ਕਲ ਕੰਮ ਸੀ। ਇਸ ਕੰਮ ਲਈ ਉਨ੍ਹਾਂ ਨੇ ਪੁਰਾਣੀਆਂ ਤਸਵੀਰਾਂ ਦੀ ਮਦਦ ਲਈ। ਉਮੀਦ ਕੀਤੀ ਜਾ ਰਹੀ ਹੈ ਕਿ ਚੀਨ ਅਤੇ ਥਾਈਲੈਂਡ ਤੋਂ ਵੱਡੀ ਗਿਣਤੀ 'ਚ ਲੋਕ ਉਸ ਨੂੰ ਦੇਖਣ ਲਈ ਆਉਣਗੇ।