ਕੈਨੇਡਾ: ਟੂਟੀਆਂ 'ਚ 'ਭੂਰੇ ਰੰਗ ਦਾ ਪਾਣੀ' ਦੇਖ ਕੇ ਵਿਨੀਪੈਗ ਵਾਸੀਆਂ ਨੂੰ ਪਈਆਂ ਭਾਜੜਾਂ

07/15/2018 6:07:59 PM

ਵਿਨੀਪੈਗ (ਏਜੰਸੀ)— ਕੈਨੇਡਾ ਦੇ ਸ਼ਹਿਰ ਵਿਨੀਪੈਗ 'ਚ ਸ਼ਨੀਵਾਰ ਦੀ ਸਵੇਰ ਹੁੰਦੇ ਹੀ ਕੁਝ ਘਰਾਂ 'ਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ, ਜਦੋਂ ਪਾਣੀ ਵਾਲੀਆਂ ਟੂਟੀਆਂ 'ਚੋਂ ਭੂਰੇ ਰੰਗ ਦਾ ਪਾਣੀ ਆਉਂਦਾ ਦੇਖਿਆ ਗਿਆ। ਇਸ ਤਰ੍ਹਾਂ ਦੇ ਗੰਦੇ ਪਾਣੀ ਦਾ ਅਸਰ ਵਿਨੀਪੈਗ ਦੇ ਦੱਖਣੀ ਫੋਰਟ ਗੈਰੀ 'ਚ ਦੇਖਿਆ ਗਿਆ। ਇਸ ਦੇ ਪਿੱਛੇ ਵਜ੍ਹਾ ਇਹ ਸੀ ਕਿ ਐਮਰਜੈਂਸੀ ਅਧਿਕਾਰੀ ਬੀਤੀ ਰਾਤ ਤੋਂ ਹੀ ਪਾਣੀ ਵਾਲੀਆਂ ਪਾਈਪਾਂ ਨੂੰ ਠੀਕ ਕਰਨ ਦੇ ਕੰਮ 'ਚ ਜੁੱਟੇ ਹੋਏ ਹਨ। ਪਾਣੀ ਦੀਆਂ ਪਾਈਪਾਂ ਢਿੱਲੀਆਂ ਹੋਣ ਕਾਰਨ ਸਿਸਟਮ ਖਰਾਬ ਹੋ ਗਿਆ ਅਤੇ ਸਾਫ ਪਾਣੀ ਨਾਲ ਗੰਦਾ ਗਾਰ ਵਾਲਾ ਪਾਣੀ ਮਿਲ ਗਿਆ, ਜਿਸ ਕਾਰਨ ਪਾਣੀ ਦਾ ਰੰਗ ਭੂਰਾ ਹੋ ਗਿਆ। 
ਇੱਥੇ ਰਹਿਣ ਵਾਲੀ ਡੇਬੀ ਨਾਂ ਦੀ ਔਰਤ ਨੇ ਦੱਸਿਆ ਕਿ ਉਸ ਨੇ ਕੌਫੀ ਬਣਾਈ, ਕੁਝ ਪਾਣੀ ਪੀਤਾ ਅਤੇ ਕੱਪੜੇ ਧੋਤੇ ਹਨ। ਉਸ ਨੇ ਬਾਅਦ ਵਿਚ ਗੌਰ ਨਾਲ ਦੇਖਿਆ ਕਿ ਪਾਣੀ ਦਾ ਰੰਗ ਭੂਰਾ ਹੈ। ਡੇਬੀ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਉਸ ਕੋਲ ਫਰਿੱਜ 'ਚ ਬੋਤਲਬੰਦ ਪਾਣੀ ਸੀ, ਜਿਸ ਤੋਂ ਬਾਅਦ ਉਸ ਨੇ ਬੁਰਸ਼ ਕਰਨ ਅਤੇ ਹੋਰ ਕੰਮਾਂ ਲਈ ਪਾਣੀ ਵਰਤਿਆ। ਉਹ ਇਸ ਗੱਲ ਤੋਂ ਨਿਰਾਸ਼ ਹੈ। ਡੇਬੀ ਨੇ ਕਿਹਾ ਕਿ ਉਸ ਨੇ ਸ਼ਹਿਰ ਦੀ ਵੈੱਬਸਾਈਟ ਨੂੰ ਚੈੱਕ ਕੀਤਾ ਪਰ ਉਸ 'ਤੇ ਕਿਸੇ ਤਰ੍ਹਾਂ ਦੀ ਕੋਈ ਨੋਟੀਫਿਕੇਸ਼ਨ ਨਹੀਂ ਸੀ। ਫਿਰ ਉਸ ਨੇ ਗੁਆਂਢੀਆਂ ਦੇ ਫੇਸਬੁੱਕ ਪੇਜ ਨੂੰ ਚੈੱਕ ਕੀਤਾ ਅਤੇ ਦੇਖਿਆ ਕਿ ਸ਼ੁੱਕਰਵਾਰ ਦੀ ਰਾਤ ਤੋਂ ਹੀ ਲੋਕਾਂ ਵਲੋਂ ਗੰਦੇ ਪਾਣੀ ਦੀ ਸ਼ਿਕਾਇਤ ਕੀਤੀ ਗਈ। ਉਸ ਦਾ ਕਹਿਣਾ ਸੀ ਕਿ ਸ਼ੁੱਕਰਵਾਰ ਦੀ ਰਾਤ 10.00 ਵਜੇ ਤੋਂ ਹੀ ਲੋਕ ਭੂਰੇ ਰੰਗ ਦੇ ਪਾਣੀ ਕਾਰਨ ਪਰੇਸ਼ਾਨ ਸਨ। ਉਸ ਦਾ ਪ੍ਰਸ਼ਨ ਇਹ ਸੀ ਕਿ ਉਸ ਨੂੰ ਕੋਈ ਮੈਸੇਜ ਨਹੀਂ ਮਿਲਿਆ। ਡੇਬੀ ਦਾ ਕਹਿਣਾ ਹੈ ਕਿ ਸ਼ਹਿਰ 'ਚ ਨੋਟੀਫਿਕੇਸ਼ਨ ਸਿਸਟਮ ਲਾਗੂ ਹੋਣਾ ਜ਼ਰੂਰੀ ਹੈ, ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰਨ।