ਭਰਾ ਨੇ ਭੈਣ ਦੇ ਸ਼ਾਹੀ ਵਿਆਹ ''ਤੇ ਖਰਚੇ ਇਕ ਮਿਲੀਅਨ ਡਾਲਰ, ਲਗਜ਼ਰੀ ਗੱਡੀਆਂ ਨੇ ਰੋਕੀਆਂ ਸੜਕਾਂ (ਤਸਵੀਰਾਂ)

08/27/2016 1:18:12 PM

ਸਿਡਨੀ— ਆਸਟਰੇਲੀਆ ਦੇ ਸ਼ਹਿਰ ਆਬਰਨ ਦੇ ਸਾਬਕਾ ਡਿਪਟੀ ਮੇਅਰ ਸਾਲਿਮ ਮੇਹਾਜ਼ਰ ਨੇ ਆਪਣੀ ਭੈਣ ਖਾਦਿਸ਼ ਕੈਟ ਦੇ ਸ਼ਾਹੀ ਵਿਆਹ ਲਈ ਇਕ ਮਿਲੀਅਨ ਤੋਂ ਵਧੇਰੇ ਡਾਲਰ ਖਰਚ ਕੀਤੇ ਹਨ ਅਤੇ ਅਜੇ ਵੀ ਇਹ ਸਮਾਗਮ ਚੱਲ ਰਿਹਾ ਹੈ। ਕੈਟ ਦਾ ਵਿਆਹ ਸ਼ਾਹੀ ਪਰਿਵਾਰ ਦੇ ਇਬਰਾਹਿਮ ਸਾਕਾਲਾਕੀ ਨਾਲ ਸੈਂਕੜੇ ਰਿਸ਼ਤੇਦਾਰਾਂ ਦੀ ਹਾਜ਼ਰੀ ''ਚ ਹੋ ਰਿਹਾ ਹੈ। ਇੱਥੇ ਪੁੱਜੇ ਰਿਸ਼ਤੇਦਾਰਾਂ ਦੀਆਂ ਲਗਜ਼ਰੀ ਗੱਡੀਆਂ ਅਤੇ ਮਹਿੰਗੇ ਮੋਟਰ ਸਾਈਕਲਾਂ ਦੀਆਂ ਕਤਾਰਾਂ ਲੱਗੀਆਂ ਹਨ। ਸ਼ਨੀਵਾਰ ਸ਼ਾਮ 6 ਵਜੇ ਸ਼ਾਹੀ ਅੰਦਾਜ਼ ਵਿਚ ਵਿਆਹ ਦੀ ਰਿਸੈਪਸ਼ਨ ਪਾਰਟੀ ਕੀਤੀ ਜਾਵੇਗੀ। 

ਸੂਚਨਾ ਹੈ ਕਿ ਇੱਥੇ ਹੈਲੀਕਾਪਟਰ ''ਚ ਮਹਿਮਾਨ ਆਉਣਗੇ। ਇਸ ਸ਼ਾਹੀ ਵਿਆਹ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਕਿਉਂਕਿ ਇਸ ਇਲਾਕੇ ਦੀਆਂ ਗਲੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਪੁਲਸ ਰਸਤਿਆਂ ''ਤੇ ਖੜੀ ਹੈ ਅਤੇ ਵਿਆਹ ''ਚ ਸ਼ਾਮਲ ਹੋਣ ਵਾਲੇ ਰਿਸ਼ਤੇਦਾਰਾਂ ਦੀਆਂ ਗੱਡੀਆਂ ਨੂੰ ਪਾਰਕ ਕਰਵਾ ਰਹੀ ਹੈ। ਇਸ ਸ਼ਾਹੀ ਵਿਆਹ ''ਤੇ ਹਰ ਚੀਜ਼ ਖਾਸ ਹੈ। ਦੁਲਹਨ ਦਾ ਗਾਊਨ 10,000 ਡਾਲਰਾਂ ਦਾ ਹੈ ਅਤੇ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਨੇ ਬਹੁਤ ਸੋਹਣੇ ਅੰਦਾਜ਼ ''ਚ ਤਸਵੀਰਾਂ ਖਿੱਚਵਾਈਆਂ ਹਨ। ਰਿਸ਼ਤੇਦਾਰਾਂ ਦੇ ਪਹਿਰਾਵੇ ਅਤੇ ਗਹਿਣੇ ਵੀ ਸਭ ਦੀ ਵਾਹੋ-ਵਾਹੀ ਲੁੱਟ ਰਹੇ ਹਨ। ਇਸ ਵਿਆਹ ਦੇ ਖਾਸ ਅਤੇ ਦਿਲ ਖਿੱਚਵੇਂ ਰੰਗ ਰੂਪ ਨੂੰ ਬਣਾਈ ਰੱਖਣ ਲਈ ਘੱਟੋ-ਘੱਟ 200 ਤੋਂ ਵਧੇਰੇ ਲੋਕ ਲੱਗੇ ਹਨ। ਇਸ ਤੋਂ ਇਲਾਵਾ ਸੁਰੱਖਿਆ ਵੀ ਸਖਤ ਪ੍ਰਬੰਧ ਕੀਤੇ ਗਏ ਹਨ। ਸਾਲਿਮ ਆਪਣੇ ਦੋਸਤਾਂ ਨਾਲ ਬਹੁਤ  ਖੁਸ਼ ਨਜ਼ਰ ਆ ਰਹੇ ਹਨ।