ਬ੍ਰਿਟਿਸ਼ ਸਿੱਖ ਇੰਜੀਨੀਅਰ ਨੇ ਜਿੱਤਿਆ PM ਰਿਸ਼ੀ ਸੁਨਕ ਦਾ 'ਪੁਆਇੰਟਸ ਆਫ ਲਾਈਟ ਅਵਾਰਡ'

01/27/2023 6:08:12 PM

ਲੰਡਨ (ਭਾਸ਼ਾ); ਵਿਸ਼ਵ ਭਰ ਵਿੱਚ ਘੱਟ ਆਮਦਨੀ ਵਾਲੇ ਸਮੂਹਾਂ ਲਈ ਊਰਜਾ ਕੁਸ਼ਲ ਮੈਨੂਅਲ ਵਾਸ਼ਿੰਗ ਮਸ਼ੀਨ ਬਣਾਉਣ ਵਾਲੇ ਇੱਕ ਬ੍ਰਿਟਿਸ਼ ਸਿੱਖ ਇੰਜੀਨੀਅਰ ਨੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਪੁਆਇੰਟਸ ਆਫ ਲਾਈਟ ਅਵਾਰਡ ਜਿੱਤਿਆ ਹੈ। ਨਵਜੋਤ ਸਾਹਨੀ, ਉਹ ਸ਼ਖ਼ਸ ਹਨ, ਜਿਸ ਨੇ ਲਗਭਗ ਚਾਰ ਸਾਲ ਪਹਿਲਾਂ ਆਪਣਾ ਵਾਸ਼ਿੰਗ ਮਸ਼ੀਨ ਪ੍ਰੋਜੈਕਟ ਸਥਾਪਤ ਕੀਤਾ ਸੀ, ਨੂੰ ਉਸ ਦੀ ਹੱਥ ਨਾਲ ਤਿਆਰ ਕੀਤੀ ਮਸ਼ੀਨ ਦੀ ਕਾਢ ਲਈ ਸਨਮਾਨਿਤ ਕੀਤਾ ਗਿਆ ਸੀ, ਜਿਸ ਨੂੰ ਬਿਨਾਂ ਬਿਜਲੀ ਵਾਲੇ ਖੇਤਰਾਂ ਵਿੱਚ ਵੀ ਚਲਾਇਆ ਜਾ ਸਕਦਾ ਹੈ।

ਸੁਨਕ ਨੇ ਲਿਖਿਆ ਪੱਤਰ

ਸਾਹਨੀ ਨੇ ਸੁਨਕ ਤੋਂ ਇਸ ਪੁਰਸਕਾਰ ਜਿੱਤਣ ਦੇ ਤਜ਼ਰਬੇ ਦਾ ਵਰਣਨ ਕੀਤਾ, ਜਿਸ ਦੀ ਘੋਸ਼ਣਾ ਇਸ ਮਹੀਨੇ ਦੇ ਸ਼ੁਰੂ ਵਿੱਚ ਕੀਤੀ ਗਈ ਸੀ।ਬ੍ਰਿਟਿਸ਼ ਭਾਰਤੀ ਨੇਤਾ ਨੇ ਉਸਦੀ "ਸਰਲਤਾ ਅਤੇ ਦਇਆ" ਦੀ ਪ੍ਰਸ਼ੰਸਾ ਕੀਤੀ।ਸੁਨਕ ਨੇ ਸਾਹਨੀ ਨੂੰ ਲਿੱਖੇ ਇਕ ਨਿੱਜੀ ਪੱਤਰ ਵਿਚ ਕਿਹਾ ਕਿ "ਤੁਸੀਂ ਇੱਕ ਇੰਜੀਨੀਅਰ ਵਜੋਂ ਆਪਣੇ ਪੇਸ਼ੇਵਰ ਹੁਨਰ ਦੀ ਵਰਤੋਂ ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਦੀ ਮਦਦ ਕਰਨ ਲਈ ਕੀਤੀ ਹੈ, ਜਿਨ੍ਹਾਂ ਕੋਲ ਇਲੈਕਟ੍ਰਿਕ ਵਾਸ਼ਿੰਗ ਮਸ਼ੀਨਾਂ ਤੱਕ ਪਹੁੰਚ ਨਹੀਂ ਹੈ। ਤੁਹਾਡੀਆਂ ਨਵੀਨਤਾਕਾਰੀ, ਹੱਥ ਨਾਲ ਚੱਲਣ ਵਾਲੀਆਂ ਵਾਸ਼ਿੰਗ ਮਸ਼ੀਨਾਂ ਪਰਿਵਾਰਾਂ ਨੂੰ ਸਾਫ਼-ਸੁਥਰੇ ਕੱਪੜੇ ਪ੍ਰਦਾਨ ਕਰ ਰਹੀਆਂ ਹਨ।ਮੈਂ ਜਾਣਦਾ ਹਾਂ ਕਿ ਤੁਹਾਡੀਆਂ ਮਸ਼ੀਨਾਂ ਯੂਕ੍ਰੇਨੀ ਪਰਿਵਾਰਾਂ ਦੀ ਵੀ ਮਦਦ ਕਰ ਰਹੀਆਂ ਹਨ ਜੋ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ ਅਤੇ ਵਰਤਮਾਨ ਵਿੱਚ ਮਾਨਵਤਾਵਾਦੀ ਸਹਾਇਤਾ ਕੇਂਦਰਾਂ ਵਿੱਚ ਰਹਿ ਰਹੇ ਹਨ। ਉਸਨੇ ਅੱਗੇ ਕਿਹਾ ਕਿ ਦੂਜਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਤੁਹਾਡੀ ਕੁਸ਼ਲਤਾ, ਦਇਆ ਅਤੇ ਸਮਰਪਣ ਸਾਡੇ ਸਾਰਿਆਂ ਲਈ ਇੱਕ ਪ੍ਰੇਰਨਾ ਹੈ।

ਮਸ਼ੀਨ ਦਾ ਨਾਮ ਗੁਆਂਢੀ ਦੇ ਨਾਮ 'ਤੇ 

ਸਾਹਨੀ ਨੇ ਆਪਣੀਆਂ ਪਹਿਲੀਆਂ ਮਸ਼ੀਨਾਂ ਦਾ ਨਾਮ ਆਪਣੀ ਗੁਆਂਢੀ ਦਿਵਿਆ ਦੇ ਨਾਮ 'ਤੇ ਰੱਖਿਆ ਅਤੇ ਵਾਸ਼ਿੰਗ ਮਸ਼ੀਨ ਪ੍ਰੋਜੈਕਟ ਦੇ "ਦਿਵਿਆ" ਯੰਤਰਾਂ ਨੂੰ ਵਿਸ਼ਾਲ ਪੱਧਰ 'ਤੇ ਬਣਾਇਆ ਗਿਆ, ਜਿਸ ਵਿੱਚ ਹੁਣ ਤੱਕ 300 ਤੋਂ ਵੱਧ ਮਸ਼ੀਨਾਂ ਸ਼ਰਨਾਰਥੀ ਕੈਂਪਾਂ, ਸਕੂਲਾਂ ਅਤੇ ਅਨਾਥ ਆਸ਼ਰਮਾਂ ਸਮੇਤ ਸਥਾਨਾਂ ਵਿੱਚ ਵੰਡੀਆਂ ਗਈਆਂ ਹਨ।" ਲੰਡਨ ਵਿੱਚ ਜਨਮੇ ਸਾਹਨੀ ਨੇ ਕਿਹਾ ਕਿ ਪੁਆਇੰਟਸ ਆਫ਼ ਲਾਈਟ ਅਵਾਰਡ ਜਿੱਤਣਾ ਅਤੇ ਪ੍ਰਧਾਨ ਮੰਤਰੀ ਦੁਆਰਾ ਮਾਨਤਾ ਪ੍ਰਾਪਤ ਕਰਨਾ ਇੱਕ ਅਦਭੁਤ ਸਨਮਾਨ ਹੈ।ਉਸ ਨੇ ਆਪਣੀ ਟੀਮ, ਵਲੰਟੀਅਰਾਂ, ਭਾਈਵਾਲਾਂ ਅਤੇ ਲਾਭਪਾਤਰੀਆਂ ਦਾ ਧੰਨਵਾਦ ਕੀਤਾ, ਜੋ ਉਸ ਦੇ ਮਿਸ਼ਨ ਨੂੰ ਸਫਲ ਬਣਾਉਣ ਲਈ ਰੋਜ਼ਾਨਾ ਅਣਥੱਕ ਮਿਹਨਤ ਕਰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਇਸਲਾਮੋਫੋਬੀਆ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ 

ਵਾਸ਼ਿੰਗ ਮਸ਼ੀਨ ਪ੍ਰੋਜੈਕਟ ਦੀ ਗੋ ਫੰਡ ਮੀ ਫੰਡਿੰਗ ਮੁਹਿੰਮ ਨੇ ਜੁਲਾਈ 2021 ਤੋਂ ਹੁਣ ਤੱਕ 91,000 ਪੌਂਡ ਤੋਂ ਵੱਧ ਇਕੱਠੇ ਕੀਤੇ ਹਨ।ਪੁਆਇੰਟਸ ਆਫ਼ ਲਾਈਟ ਬੇਮਿਸਾਲ ਵਿਅਕਤੀਗਤ ਵਲੰਟੀਅਰ ਅਤੇ ਉਹ ਲੋਕ ਹਨ ਜੋ ਆਪਣੇ ਭਾਈਚਾਰੇ ਵਿੱਚ ਤਬਦੀਲੀ ਲਿਆਉਂਦੇ ਹਨ ਅਤੇ ਉਹਨਾਂ ਦੇ ਪ੍ਰੇਰਨਾਦਾਇਕ ਕੰਮ ਨੂੰ ਮਾਨਤਾ ਦੇਣ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਦੁਆਰਾ ਨਿਯਮਿਤ ਤੌਰ 'ਤੇ ਉਹਨਾਂ ਨੂੰ  ਸਨਮਾਨਿਤ ਕੀਤਾ ਜਾਂਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana