ਬ੍ਰਿਟਿਸ਼ ਪੁਲਸ ਨੇ ਫਰਾਰ ਭਾਰਤੀ ਮੂਲ ਦੇ ਵਿਅਕਤੀ ਤੇ ਬੇਟੇ ਦਾ ਪਤਾ ਲਾਉਣ ਲਈ ਲੋਕਾਂ ਤੋਂ ਮਦਦ ਦੀ ਕੀਤੀ ਅਪੀਲ

06/11/2017 5:46:29 PM

ਲੰਡਨ (ਰਾਜਵੀਰ ਸਮਰਾ)—ਸਕਾਟਲੈਂਡ ਯਾਰਡ ਨੇ ਲੰਡਨ 'ਚ 8 ਕਰੋੜ ਪੌਂਡ ਦੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਦੀ ਸੁਣਵਾਈ ਦੇ ਸਿਲਸਿਲੇ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਅਤੇ ਉਸ ਦੇ ਬੇਟੇ ਦਾ ਪਤਾ ਲਾਉਣ 'ਚ ਮਦਦ ਕਰਨ ਲਈ ਲੋਕਾਂ ਤੋਂ ਅਪੀਲ ਕੀਤੀ ਹੈ। ਉੱਤਰ-ਪੱਛਮੀ ਲੰਡਨ ਦੇ ਵੇਵਲੇ 'ਚ ਰਹਿਣ ਵਾਲੇ ਭਰਿੰਦਰ ਸ਼ਾਹ (49) ਅਤੇ ਉਸ ਦੇ ਪੁੱਤਰ ਅਭਿਸ਼ੇਕ (25) ਸਾਊਥਵਾਕ ਕ੍ਰਾਊਨ ਕੋਰਟ 'ਚ ਸੁਣਵਾਈ ਦੇ ਪਹਿਲੇ ਹਫਤੇ 'ਚ ਸ਼ਾਮਲ ਹੋਏ ਸਨ, ਪਰ ਜ਼ਮਾਨਤ ਮਿਲਣ ਤੋਂ ਬਾਅਦ ਦੋਵੇਂ 21 ਅਪ੍ਰੈਲ ਨੂੰ ਫਰਾਰ ਹੋ ਗਏ। ਮੈਟਰੋਪਾਲਿਟਨ ਪੁਲਸ ਨੇ ਇਸ ਹਫਤੇ 'ਚ ਇਕ ਬਿਆਨ 'ਚ ਕਿਹਾ, ''ਉਨ੍ਹਾਂ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਦੋਹਾਂ ਨੂੰ ਦੋਸ਼ੀ ਪਾਇਆ ਗਿਆ ਅਤੇ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਵੀਰਵਾਰ, 25 ਮਈ ਨੂੰ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ।'' ਭਰਿਦੰਰ ਨੂੰ ਅਪਰਾਧਿਕ ਜਾਇਦਾਦ ਤਬਦੀਲ ਕਰਨ ਦੀ ਸਾਜ਼ਿਸ਼ ਦੇ ਦੋਸ਼ ਅਤੇ ਸਪਲਾਈ ਕਰਨ ਦੇ ਇਰਾਦੇ ਨਾਲ ਕਲਾਸ 'ਬੀ' ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਨੂੰ ਲੈ ਕੇ 12 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਅਭਿਸ਼ੇਕ ਨੂੰ ਅਪਰਾਧਿਕ ਜਾਇਦਾਦ ਤਬਦੀਲ ਕਰਨ ਦੀ ਸਾਜ਼ਿਸ਼ ਦੇ ਇਕ ਦੋਸ਼ ਨੂੰ ਲੈ ਕੇ 9 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਪੁਲਸ ਰਿਪੋਰਟ 'ਚ ਕਿਹਾ ਗਿਆ ਕਿ ਸੰਭਵ ਹੈ ਕਿ ਉਹ ਭਾਰਤ ਭੱਜ ਗਏ ਹੋਣ। ਦੋਹਾਂ ਭਾਰਤੀ ਮੂਲ ਦੇ 3 ਹੋਰਨਾਂ ਮਾਮਲਿਆਂ 'ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਨ। ਭਰਿਦੰਰ ਦੀ ਪਤਨੀ ਫਾਲਗੁਨੀ (46) ਨੂੰ ਅਪਰਾਧਿਕ ਜਾਇਦਾਦ ਤਬਦੀਲ ਕਰਨ ਦੀ ਸਾਜ਼ਿਸ਼ ਦੇ ਇਕ ਦੋਸ਼ ਨੂੰ ਲੈ ਕੇ 4 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ। ਦੀਪਾ ਕੁਮਾਰ ਦੋਸ਼ੀ (57) ਅਤੇ ਦਿਨੇਸ਼ ਠਾਕੋਰਕਾ (35) ਨੂੰ ਕਾਲੇ ਧਨ ਨੂੰ ਸਫੈਦ ਕਰਨ ਅਤੇ ਅਪਰਾਧਿਕ ਜਾਇਦਾਦ ਤਬਦੀਲ ਕਰਨ ਦੀ ਸਾਜ਼ਿਸ਼ ਦੇ ਦੋਸ਼ਾਂ ਨੂੰ ਲੈ ਕੇ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ।