ਕੋਰੋਨਾ ਵਾਇਰਸ ਤੋਂ ਪੀੜਤ ਬ੍ਰਿਟਿਸ਼ PM ਜਾਨਸਨ ICU 'ਚ ਸ਼ਿਫਟ

04/07/2020 1:08:49 AM

ਲੰਡਨ — ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਬੀਤੇ ਦਿਨੀਂ ਲੰਡਨ ਦੇ ਸੇਂਟ ਥਾਮਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਹੁਣ ਉਨ੍ਹਾਂ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਵਿਚ ਦਾਖਲ ਕਰ ਦਿੱਤਾ ਗਿਆ ਹੈ।

10 ਡਾਊਨਿੰਗ ਸਟਰੀਟ ਦੇ ਇਕ ਬੁਲਾਰੇ ਨੇ ਕਿਹਾ ਕਿ ਸੋਮਵਾਰ ਦੁਪਹਿਰ ਪੀ.ਐੱਮ. ਜਾਨਸਨ ਦੀ ਹਾਲਤ ਜ਼ਿਆਦਾ ਖਰਾਬ ਹੋਣ ਤੋਂ ਬਾਅਦ ਡਾਕਟਰ ਟੀਮ ਦੀ ਸਲਾਹ 'ਤੇ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਜਾਨਸਨ ਨੇ ਐੱਨ.ਐੱਚ.ਐੱਸ. ਦੇ ਸਾਰੇ ਸਟਾਫ ਦਾ ਵਧੀਆ ਦੇਖਭਾਲ ਕਰਨ ਲਈ ਉਨ੍ਹਾਂ ਦੀ ਮਿਹਨਤ ਅਤੇ ਲਗਨ ਲਈ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਪੀ.ਐੱਮ. ਬੋਰਿਸ ਜਾਨਸਨ ਨੂੰ ਬੀਤੇ ਐਤਵਾਰ ਨੂੰ ਤੇਜ਼ ਬੁਖਾਰ ਅਤੇ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ।

ਦੱਸ ਦਈਏ ਕਿ ਕਰੀਬ 10 ਦਿਨ ਪਹਿਲਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਖੁਦ ਟਵੀਟ ਕਰਕੇ ਆਖਿਆ ਸੀ ਕਿ 24 ਘੰਟਿਆਂ ਤੋਂ ਵਾਇਰਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਕੋਰੋਨਾਵਾਇਰਸ ਦੇ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਸੈਲਫ ਆਈਸੋਲੇਸ਼ਨ ਵਿਚ ਹਾਂ ਪਰ ਮੈਂ ਇਸ ਵਾਇਰਸ ਨਾਲ ਲੱਡ਼ਣ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਸਰਕਾਰ ਦੀ ਅਗਵਾਈ ਜਾਰੀ ਰੱਖਾਂਗਾ। ਅਸੀਂ ਇਕੱਠੇ ਵਾਇਰਸ ਤੋਂ ਜਿੱਤ ਸਕਦੇ ਹਾਂ। ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਹੁਣ ਤੱਕ 51,600 ਤੋਂ ਵਧੇਰੇ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 5,300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੁਨੀਆ ਭਰ ਵਿਚ ਇਸ ਵਾਇਰਸ ਦੇ ਮਾਮਲਿਆਂ ਦੀ ਗਿਣਤੀ 1,330,497 ਪਾਰ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 73 ਹਜ਼ਾਰ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।


Inder Prajapati

Content Editor

Related News