ਜਲਦ ਬਦਲੇਗਾ ਬ੍ਰਿਟਿਸ਼ ਪਾਸਪੋਰਟ, ਜਾਣੋਂ ਕਿਸ ਤਰ੍ਹਾਂ ਦਾ ਹੋਵੇਗਾ

02/09/2020 9:45:10 PM

ਲੰਡਨ (ਏਜੰਸੀ)- ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਹੁਣ ਬ੍ਰਿਟੇਨ ਆਪਣੇ ਪਾਸਪੋਰਟ ਦਾ ਰੰਗ ਬਦਲਣ ਜਾ ਰਿਹਾ ਹੈ। ਆਪਣੀ ਰਾਸ਼ਟਰੀ ਪਛਾਣ ਨੂੰ ਬਰਕਰਾਰ ਰੱਖਣ ਲਈ ਬ੍ਰਿਟੇਨ ਆਪਣੇ ਨੀਲੇ ਅਤੇ ਸੁਨਹਿਰੀ ਰੰਗ ਦੇ ਪਾਸਪੋਰਟ ਡਿਜ਼ਾਈਨ 'ਤੇ ਵਾਪਸ ਆਵੇਗਾ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਐਲਾਨ ਦਿੱਤਾ ਹੈ ਕਿ 2019 'ਚ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਮਗਰੋਂ ਹੁਣ ਬ੍ਰਿਟੇਨ ਇਹ ਪਾਸਪੋਰਟ ਜਾਰੀ ਕਰੇਗਾ। ਦੱਸ ਦਈਏ ਕਿ ਨਵਾਂ ਨੀਲੇ ਅਤੇ ਸੁਨਹਿਰੀ ਰੰਗ ਦਾ ਡਿਜ਼ਾਈਨ ਕੀਤਾ ਗਿਆ ਪਾਸਪੋਰਟ ਬ੍ਰਿਟੇਨ ਨੇ 1921 ਵਿਚ ਅਪਣਾਇਆ ਸੀ ਅਤੇ ਦਹਾਕਿਆਂ ਤੱਕ ਇਸ ਦੀ ਵਰਤੋਂ ਵੀ ਹੁੰਦੀ ਰਹੀ।
ਨਵੇਂ ਪਾਸਪੋਰਟ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਸੰਭਵ ਨਹੀਂ : ਬ੍ਰੈਂਡਨ ਲੇਵਿਸ
ਮਿਰਰ ਦੀ ਖਬਰ ਮੁਤਾਬਕ ਬ੍ਰਿਟੇਨ ਦੇ ਇੰਮੀਗ੍ਰੇਸ਼ਨ ਮੰਤਰੀ ਬ੍ਰੈਂਡਨ ਲੇਵਿਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਯੂਰਪੀਅਨ ਯੂਨੀਅਨ ਨੂੰ ਛੱਡਣ ਤੋਂ ਬਾਅਦ ਅਸੀਂ ਆਪਣੀ ਰਾਸ਼ਟਰੀ ਪਛਾਣ ਨੂੰ ਬਰਕਰਾਰ ਰੱਖਣ ਅਤੇ ਵਿਸ਼ਵ ਵਿਚ ਸਾਨੂੰ ਖੁਦ ਲਈ ਇਕ ਨਵਾਂ ਰਸਤਾ ਅਖਤਿਆਰ ਕਰਨ ਦਾ ਮੌਕਾ ਮਿਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਵਾਂ ਪਾਸਪੋਰਟ ਵਿਸ਼ਵ ਵਿਚ ਸਭ ਤੋਂ ਵੱਧ ਸੁਰੱਖਿਅਤ ਯਾਤਰਾ ਦਸਤਾਵੇਜ਼ਾਂ ਵਿਚੋਂ ਇਕ ਹੋਵੇਗਾ। ਮੰਤਰਾਲੇ ਮੁਤਾਬਕ ਪਾਸਪੋਰਟ ਵਿਚ ਮੌਜੂਦਾ ਸਮੇਂ ਵਿਚ ਕਾਗਜ਼ ਅਧਾਰਿਤ ਤਸਵੀਰ ਵਾਲੇ ਪੇਜ ਨੂੰ ਵਧੇਰੇ ਮਜ਼ਬੂਤੀ ਵਾਲੀ ਪਲਾਸਟਿਕ ਪਾਲੀਕਾਰਬੋਨੇਟ ਸਮੱਗਰੀ ਵਾਲੇ ਪੇਜ ਤੋਂ ਬਦਲ ਦਿੱਤਾ ਜਾਵੇਗਾ। ਇਸ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਸੰਭਵ ਨਹੀਂ ਹੋਵੇਗੀ।
ਇਮੀਗ੍ਰੇਸ਼ਨ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਪਾਸਪੋਰਟ ਦਾ ਰੰਗ ਮਹੀਨਿਆਂ ਦੇ ਹਿਸਾਬ ਨਾਲ ਸ਼ੁਰੂਆਤ ਵਿਚ ਨੀਲੇ ਰੰਗ ਨਾਲ ਮਿਲਦਾ-ਜੁਲਦਾ ਹੋ ਸਕਦਾ ਹੈ ਅਤੇ ਸਾਲ ਦੇ ਮੱਧ ਵਿਚ ਪੂਰੇ ਨੀਲੇ ਰੰਗ ਦਾ ਪਾਸਪੋਰਟ ਜਾਰੀ ਹੋਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਮੌਜੂਦਾ ਸਮੇਂ ਵਿਚ ਬਰਗੰਡੀ ਰੰਗ ਦਾ ਪਾਸਪੋਰਟ 1988 ਤੋਂ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਪੂਰੇ ਯੂਰਪੀਅਨ ਯੂਨੀਅਨ ਵਿਚ ਇਸਤੇਮਾਲ ਹੁੰਦਾ ਹੈ। ਯੂਨੀਅਨ ਤੋਂ ਵੱਖ ਹੋਣ 'ਤੇ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਦੇ ਨਿਯਮਾਂ ਦਾ ਪਾਲਨ ਕਰਨ ਦੀ ਲੋੜ ਨਹੀਂ ਹੋਵੇਗੀ।


Sunny Mehra

Content Editor

Related News