ਸਕਿਓਰਟੀ ਨੇ ਇੰਝ ਰੋਕਿਆ ਬ੍ਰਿਟਿਸ਼ ਸੰਸਦ 'ਚ ਦਾਖਲ ਹੋਣ ਵਾਲੇ ਸ਼ੱਕੀ ਨੂੰ

12/12/2018 12:44:38 PM

ਲੰਡਨ(ਏਜੰਸੀ)— ਮੰਗਲਵਾਰ ਨੂੰ ਬ੍ਰਿਟਿਸ਼ ਸੰਸਦ ਕੰਪਲੈਕਸ 'ਚ ਦਾਖਲ ਹੋਏ ਇਕ ਵਿਅਕਤੀ ਨੂੰ ਸੁਰੱਖਿਆ ਫੌਜ ਨੇ ਟੇਜਰ ਸਟਨ ਗੰਨ ਨਾਲ ਬੇਹੋਸ਼ ਕਰ ਦਿੱਤਾ। ਪੁਲਸ ਨੇ ਉਸ ਨੂੰ ਰੁਕਣ ਦੀ ਚਿਤਾਵਨੀ ਦਿੱਤੀ ਸੀ ਪਰ ਉਹ ਰੁਕਿਆ ਨਾ ਅਤੇ ਇਹ ਕਾਰਵਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਘਟਨਾ ਉੱਥੇ ਵਾਪਰੀ ਜਿੱਥੇ ਮਾਰਚ 2017 'ਚ 52 ਸਾਲਾ ਖਾਲਿਦ ਮਸੂਦ ਨਾਂ ਦੇ ਇਕ ਵਿਅਕਤੀ ਨੇ ਇਕ ਪੁਲਸ ਅਧਿਕਾਰੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਹਾਲਾਂਕਿ ਬਾਅਦ 'ਚ ਖਾਲਿਦ ਮਸੂਦ ਨੂੰ ਗੋਲੀ ਮਾਰ ਦਿੱਤੀ ਗਈ ਸੀ। 
ਪੁਲਸ ਅਧਿਕਾਰੀ ਦਾ ਕਤਲ ਕਰਨ ਤੋਂ ਪਹਿਲਾਂ ਵੈਸਟਮਿੰਸਟਰ ਬ੍ਰਿਜ ਕੋਲ ਚਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਪੂਰੀ ਘਟਨਾ ਇਕ ਫੋਟੋਗ੍ਰਾਫਰ ਨੇ ਆਪਣੇ ਕੈਮਰੇ 'ਚ ਕੈਦ ਕੀਤੀ ਹੈ। ਤਸਵੀਰਾਂ ਮੁਤਾਬਕ ਦੁਪਹਿਰ ਤੋਂ ਕੁੱਝ ਦੇਰ ਪਹਿਲਾਂ ਇਕ ਵਿਅਕਤੀ ਸੰਸਦ ਦੇ ਮੁੱਖ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਇਆ। ਇਸ ਦੇ ਬਾਅਦ ਉਹ ਮੈਦਾਨ 'ਚ ਦੌੜਿਆ। ਇਸ ਮਗਰੋਂ ਪੁਲਸ ਨੇ ਉਸ 'ਤੇ ਟੇਜਰ ਗਨ ਦੀ ਵਰਤੋਂ ਕੀਤੀ।
ਹੋਸ਼ 'ਚ ਆਉਣ 'ਤੇ ਉਸ ਨੂੰ ਹਿਰਾਸਤ 'ਚ ਲਿਆ ਗਿਆ। ਪੁਲਸ ਨੇ ਦੱਸਿਆ ਕਿ ਸੁਰੱਖਿਅਤ ਸਥਾਨਾਂ 'ਤੇ ਗੈਰ-ਕਾਨੂੰਨੀ ਰੂਪ ਨਾਲ ਦਾਖਲ ਹੋਣ ਦੇ ਸ਼ੱਕ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਬਾਅਦ 'ਚ ਉਸ ਨੂੰ ਪੁਲਸ ਸਟੇਸ਼ਨ ਲਿਆਂਦਾ ਗਿਆ। ਹਿਰਾਸਤ 'ਚ ਲਏ ਗਏ ਵਿਅਕਤੀ ਦੀ ਮਾਨਸਿਕ ਸਥਿਤੀ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਇਸ ਨੂੰ ਅੱਤਵਾਦੀ ਘਟਨਾ ਦੇ ਤੌਰ 'ਤੇ ਨਹੀਂ ਦੇਖਿਆ ਜਾ ਰਿਹਾ। 
ਅਗਸਤ 'ਚ ਇਕ ਕਾਰ ਨੇ ਪੈਦਲ ਅਤੇ ਸਾਈਕਲ 'ਤੇ ਜਾਣ ਵਾਲੇ ਲੋਕਾਂ ਨੂੰ ਜ਼ਖਮੀ ਕੀਤਾ ਸੀ ਅਤੇ ਉਹ ਸੰਸਦ ਦੇ ਬੈਰੀਅਰ ਨੂੰ ਵੀ ਤੋੜ ਕੇ ਅੰਦਰ ਦਾਖਲ ਹੋ ਗਿਆ ਸੀ। ਇਸ ਮਗਰੋਂ ਪੁਲਸ ਨੇ ਉਸ ਨੂੰ ਫੜ ਲਿਆ ਸੀ।