ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਬ੍ਰੈਗਜ਼ਿਟ ਪ੍ਰਕਿਰਿਆ ''ਚ ਵੱਡੀ ਭੂਮਿਕਾ ਲਈ ਕੀਤੀ ਵੋਟਿੰਗ

03/26/2019 12:37:47 PM

ਲੰਡਨ, (ਭਾਸ਼ਾ)— ਬ੍ਰਿਟੇਨ ਦੇ ਸੰਸਦ ਮੈਂਬਰਾਂ ਨੇ ਬ੍ਰੈਗਜ਼ਿਟ ਪ੍ਰਕਿਰਿਆ 'ਚ ਵੱਡੀ ਭੂਮਿਕਾ ਨਿਭਾਉਣ ਲਈ ਸੋਮਵਾਰ ਨੂੰ ਵੋਟਿੰਗ ਕੀਤੀ, ਜਿਸ ਨਾਲ ਉਨ੍ਹਾਂ ਨੂੰ ਬ੍ਰੈਗਜ਼ਿਟ ਦੇ ਵੱਖ-ਵੱਖ ਬਦਲਾਂ ਲਈ ਆਪਣੀ ਪਹਿਲ ਪ੍ਰਗਟ ਕਰਨ ਦਾ ਅਧਿਕਾਰ ਮਿਲ ਗਿਆ। ਹਾਲਾਂਕਿ ਸਰਕਾਰ ਨੇ ਇਸ ਕਦਮ ਨੂੰ 'ਖਤਰਨਾਕ' ਦੱਸਿਆ ਹੈ। ਸੰਸਦ ਮੈਂਬਰਾਂ ਨੇ 302 ਦੇ ਮੁਕਾਬਲੇ 329 ਵੋਟਾਂ ਨਾਲ ਬੁੱਧਵਾਰ ਨੂੰ ਸੰਸਦੀ ਕੰਮ-ਕਾਜ ਦਾ ਕੰਟਰੋਲ ਹਾਸਲ ਕਰਨ ਲਈ ਪੂਰੀ ਵੋਟਿੰਗ 'ਚ ਜਿੱਤ ਹਾਸਲ ਕਰ ਲਈ। ਇਸ ਦੌਰਾਨ ਸਰਕਾਰ ਦੇ ਖਿਲਾਫ ਵੋਟ ਕਰਨ ਮਗਰੋਂ 3 ਜੂਨੀਅਰ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ। ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਦਫਤਰ ਮੰਤਰੀ ਐਲਿਸਟੇਅਰ ਬਰਟ ਅਤੇ ਸਿਹਤ ਮੰਤਰੀ ਸਟੀਵ ਬ੍ਰਾਈਨ ਨੇ ਅਸਤੀਫਾ ਦੇ ਦਿੱਤਾ ਜਦਕਿ ਉਦਯੋਗ ਮੰਤਰੀ ਰਿਚਰਡ ਹੈਰਿੰਗਟਨ ਨੇ ਟਵਿੱਟਰ 'ਤੇ ਸਰਕਾਰ ਛੱਡਣ ਦੇ ਫੈਸਲੇ ਦੀ ਘੋਸ਼ਣਾ ਕੀਤੀ। ਫਿਲਹਾਲ ਬ੍ਰੈਗਜ਼ਿਟ ਮੰਤਰਾਲੇ ਨੇ ਬਿਆਨ ਦਿੱਤਾ ਕਿ ਉਹ ਵੋਟਿੰਗ ਤੋਂ ਬਹੁਤ ਨਿਰਾਸ਼ ਹਨ। ਉਸ ਨੇ ਕਿਹਾ,''ਇਹ ਸਾਡੀਆਂ ਲੋਕਤੰਤਰਿਕ ਸੰਸਥਾਵਾਂ ਵਿਚਕਾਰ ਸੰਤੁਲਨ ਖਤਮ ਕਰਦਾ ਹੈ ਅਤੇ ਖਤਰਨਾਕ ਉਦਾਹਰਣ ਪੇਸ਼ ਕਰਦਾ ਹੈ।''

ਯੂਰਪੀ ਸੰਘ ਤੋਂ ਵੱਖ ਹੋਣ ਲਈ ਵੋਟਾਂ ਪਾਉਣ ਦੇ 3 ਸਾਲ ਬਾਅਦ ਸੋਮਵਾਰ ਨੂੰ ਹੋਈ ਵੋਟਿੰਗ ਨੇ ਇਸ ਕਠੋਰ ਰਾਜਨੀਤਕ ਸੰਕਟ ਨੂੰ ਖਤਮ ਕਰਨ ਦੇ ਸਭ ਤੋਂ ਵਧੀਆ ਤਰੀਕੇ ਨੂੰ ਲੈ ਕੇ ਸਰਕਾਰ ਅਤੇ ਸੰਸਦ ਵਿਚਕਾਰ ਸੰਭਾਵਿਤ ਸੰਘਰਸ਼ ਦੀ ਰਾਹ ਤਿਆਰ ਕਰ ਦਿੱਤੀ ਹੈ। ਸੰਸਦ ਮੈਂਬਰਾਂ ਕੋਲ ਹੁਣ ਵੱਖ-ਵੱਖ ਬਦਲਾਂ 'ਤੇ ਵੋਟਿੰਗ ਕਰਨ ਦਾ ਮੌਕਾ ਹੋਵੇਗਾ ਜਿਵੇਂ ਕਿ ਧਾਰਾ 50 ਹਟਾਉਣਾ ਅਤੇ ਬ੍ਰੈਗਜ਼ਿਟ ਨੂੰ ਰੱਦ ਕਰਨਾ, ਇਕ ਹੋਰ ਰਾਇਸ਼ੁਮਾਰੀ ਕਰਵਾਉਣੀ ਜਾਂ ਬਿਨਾਂ ਸਮਝੌਤੇ ਦੇ ਹੀ ਯੂਰਪੀ ਸੰਘ ਤੋਂ ਵੱਖ ਹੋ ਜਾਣਾ। ਹਾਲਾਂਕਿ ਜੇਕਰ ਸੰਸਦ ਮੈਂਬਰਾਂ ਨੂੰ ਬਹੁਮਤ ਮਿਲ ਵੀ ਜਾਂਦਾ ਹੈ ਤਾਂ ਵੀ ਸਰਕਾਰ ਉਨ੍ਹਾਂ ਦੇ ਹੁਕਮਾਂ ਦਾ ਪਾਲਣ ਕਰਨ ਲਈ ਕਾਨੂੰਨੀ ਰੂਪ ਤੋਂ ਬੱਝੀ ਹੋਈ ਨਹੀਂ ਹੈ।