ਦਿਸ਼ਾ ਰਵੀ ਨੂੰ ਸਮਰਥਨ ਦੇਣ ਵਾਲੀ ਬ੍ਰਿਟਿਸ਼ ਸਾਂਸਦ ਨੂੰ ਭਾਰਤੀ ਹਾਈ ਕਮਿਸ਼ਨ ਨੇ ਲਿਖਿਆ ਖੁੱਲ੍ਹਾ ਪੱਤਰ

02/17/2021 6:05:17 PM

ਲੰਡਨ (ਬਿਊਰੋ): ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਕਈ ਆਵਾਜ਼ਾਂ ਉਠ ਰਹੀਆਂ ਹਨ। ਇਹਨਾਂ ਵਿਚੋਂ ਇਕ ਆਵਾਜ਼ ਬ੍ਰਿਟਿਸ਼ ਸਾਂਸਦ ਕਲੌਡੀਆ ਵੇਬ ਦੀ ਹੈ, ਜਿਹਨਾਂ ਨੂੰ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਕ ਖੁੱਲ੍ਹਾ ਪੱਤਰ ਲਿਖਿਆ ਹੈ। ਵੇਬ ਨੇ ਹਾਲ ਵਿਚ 'ਟੂਲਕਿਟ' ਮਾਮਲੇ ਵਿਚ ਭਾਰਤ ਵਿਚ ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਦੀ ਰਿਹਾਈ ਦੀ  ਸੋਸ਼ਲ ਮੀਡੀਆ ਜ਼ਰੀਏ ਮੰਗ ਕੀਤੀ ਸੀ।

ਕਿਸਾਨ ਭਾਈਚਾਰੇ ਵੱਲੋਂ ਪ੍ਰਦਰਸ਼ਨ
ਭਾਰਤੀ ਮਿਸ਼ਨ ਨੇ ਸੋਮਵਾਰ ਸ਼ਾਮ ਨੂੰ ਲਿਖੇ ਇਕ ਖੁੱਲ੍ਹੇ ਪੱਤਰ ਵਿਚ ਵੇਬ ਨੂੰ ਕਿਹਾ ਕਿ ਉਹ ਆਪਣੇ ਹਲਕੇ ਦੇ ਬ੍ਰਿਟਿਸ਼ ਨਾਗਰਿਕਾਂ ਵੱਲੋਂ ਕੋਈ ਵੀ ਇਤਰਾਜ਼ ਸਿੱਧੇ ਹਾਈ ਕਮਿਸ਼ਨ ਸਾਹਮਣੇ ਚੁੱਕੇ। ਪੱਤਰ ਵਿਚ ਕਿਹਾ ਗਿਆ ਹੈ ਕਿ ਅਸੀਂ ਹਾਲ ਦੇ ਭਾਰਤੀ ਖੇਤੀ ਕਾਨੂੰਨਾਂ ਦੇ ਸੰਬੰਧ ਵਿਚ ਕਿਸੇ ਵੀ ਹਲਕੇ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਵਿਸਤ੍ਰਿਤ ਅਤੇ ਸਮੁੱਚੀ ਵਿਆਖਿਆ ਕੀਤੀ ਹੈ। ਇਹਨਾਂ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਭਾਈਚਾਰੇ ਦਾ ਇਕ ਛੋਟਾ ਸਮੂਹ ਪ੍ਰਦਰਸ਼ਨ ਕਰ ਰਿਹਾ ਹੈ।

ਈ-ਪਟੀਸ਼ਨ ਦਾ ਸਮਰਥਨ ਕਰ ਰਹੀ ਹੈ ਵੇਬ
ਕਲੌਡੀਆ ਵੇਬ ਪੂਰਬੀ ਇੰਗਲੈਂਡ ਵਿਚ ਇਕ ਮਹੱਤਵਪੂਰਨ ਬ੍ਰਿਟਿਸ਼ ਭਾਰਤੀ ਹਲਕੇ ਲੀਸੈਸਟਰ ਈਸਟ ਦੀ ਨੁਮਾਇੰਦਗੀ ਕਰਨ ਵਾਲੀ ਸਾਂਸਦ ਅਤੇ ਵਿਰੋਧੀ ਲੇਬਰ ਪਾਰਟੀ ਦੀ ਮੈਂਬਰ ਹੈ। ਉਹਨਾਂ ਨੇ ਭਾਰਤ ਵਿਚ ਵਿਰੋਧ ਪ੍ਰਦਰਸ਼ਨਾਂ ਨੂੰ ਲੈਕੇ ਬ੍ਰਿਟੇਨ ਦੀ ਸਰਕਾਰ ਨੂੰ ਬਿਆਨ ਜਾਰੀ ਕੀਤੇ ਜਾਣ ਦੀ ਅਪੀਲ ਕਰਨ ਵਾਲੀ ਈ-ਪਟੀਸ਼ਨ ਨੂੰ ਸਮਰਥਨ ਦਿੱਤਾ ਹੈ। ਇਸ ਪਟੀਸ਼ਨ 'ਤੇ ਇਕ ਲੱਖ ਤੋਂ ਵਧੇਰੇ ਲੋਕਾਂ ਨੇ ਦਸਤਖ਼ਤ ਕੀਤੇ ਹਨ। ਕਲੌਡੀਆ ਨੇ ਦਿਸ਼ਾ ਰਵੀ ਅਤੇ ਨੌਦੀਪ ਕੌਰ ਦੇ ਸਮਰਥਨ ਵਿਚ ਟਵੀਟ ਕੀਤਾ ਸੀ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਇਸਲਾਮਿਕ ਸਟੇਟ ਦੇ ਸ਼ੱਕੀ 'ਤੇ ਤਿੱਖੀ ਬਹਿਸ

ਇੱਥੇ ਦੱਸ ਦਈਏ ਕਿ ਕਿਸੇ ਵੀ ਪਟੀਸ਼ਨ 'ਤੇ 'ਹਾਊਸ ਆਫ ਕਾਮਨਜ਼' ਦੇ ਵੈਸਟਮਿੰਸਟਰ ਹਾਲ ਵਿਚ ਬਹਿਸ ਲਈ ਘੱਟੋ-ਘੱਟ ਇਕ ਲੱਖ ਦਸਤਖ਼ਤਾਂ ਦੀ ਲੋੜ ਹੁੰਦੀ ਹੈ। ਇਸ ਮਾਮਲੇ ਵਿਚ ਹਾਲ ਵਿਚ ਜਲਵਾਯੂ ਕਾਰਕੁਨ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਵਕੀਲ ਨਿਕਿਤਾ ਜੈਕਬ ਅਤੇ ਇੰਜੀਨੀਅਰ ਸ਼ਾਂਤਨੂੰ ਖ਼ਿਲਾਫ਼ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ ਭਾਰਤ ਦੀ ਸੰਸਦ ਵਿਚ ਖੇਤੀ ਕਾਨੂੰਨਾਂ 'ਤੇ ਚਰਚਾ ਦੇ ਬਾਅਦ ਇਹਨਾਂ ਨੂੰ ਪਾਸ ਕੀਤਾ ਗਿਆ ਅਤੇ ਤੁਰੰਤ ਪ੍ਰਭਾਵ ਨਾਲ 10 ਕਰੋੜ ਛੋਟੇ ਕਿਸਾਨਾਂ ਨੂੰ ਇਹਨਾਂ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ। ਜਿਹੜੇ ਕਿਸਾਨ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਉਹਨਾਂ ਨਾਲ ਭਾਰਤ ਸਰਕਾਰ ਨੇ 11 ਦੌਰ ਦੀ ਵਾਰਤਾ ਕੀਤੀ ਹੈ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana