ਬ੍ਰਿਟਿਸ਼ ਮੰਤਰੀ ਨੇ ਇਵੈਂਟ ''ਚ ਗ੍ਰੀਨਪੀਸ ਵਰਕਰ ਨਾਲ ਕੀਤੀ ਸ਼ਰਮਨਾਕ ਹਰਕਤ

06/21/2019 5:26:32 PM

ਲੰਡਨ (ਏਜੰਸੀ)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਮਗਰੋਂ ਬ੍ਰਿਟੇਨ ਦੇ ਮੰਤਰੀ ਮਾਰਕ ਫੀਲਡ ਵਿਵਾਦਾਂ ਵਿਚ ਘਿਰ ਗਏ ਹਨ। ਉਨ੍ਹਾਂ ਨੇ ਇਕ ਗ੍ਰੀਨਪੀਸ ਮਹਿਲਾ ਕਾਰਕੁੰਨ ਨੂੰ ਪਹਿਲਾਂ ਕੁੱਟਣ ਅਤੇ ਗਰਦਨ ਫੜ ਕੇ ਬਲੈਕ-ਟਾਈ ਸਿਟੀ ਇਵੈਂਟ ਤੋਂ ਬਾਹਰ ਕੱਢ ਦਿੱਤਾ। ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਉਨ੍ਹਾਂ ਦੇ ਵਰਤਾਓ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਘਟਨਾ ਵੀਰਵਾਰ ਰਾਤ ਨੂੰ ਉਸ ਵੇਲੇ ਦੀ ਹੈ ਜਦੋਂ ਗ੍ਰੀਨਪੀਸ ਦੇ ਦਰਜਨਾਂ ਵਰਕਰ ਚਾਂਸਲਰ ਫਿਲਿਪ ਹੈਮੰਡ ਦੀ ਹਵੇਲੀ ਵਿਚ ਬ੍ਰਿਟੇਨ ਦੀ ਅਰਥਵਿਵਸਥਾ ਨੂੰ ਲੈ ਕੇ ਆਯੋਜਿਤ ਸਾਲਾਨਾ ਮੀਟਿੰਗ ਤੋਂ ਬਾਅਦ ਚੱਲ ਰਹੇ ਡਿਨਰ ਵਿਚ ਸ਼ਾਂਤੀਪੂਰਨ ਵਿਰੋਧ ਕਰਨ ਲਈ ਦਾਖਲ ਹੋਏ। ਇਸ ਦੌਰਾਨ ਗ੍ਰੀਨਪੀਸ ਵਰਕਰ ਲਾਲ ਕੱਪੜੇ ਪਹਿਨੇ ਹੋਏ ਸਨ। ਵੀਡੀਓ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਗ੍ਰੀਨਪੀਸ ਵਰਕਰਾਂ ਨੂੰ ਦੇਖਦੇ ਹੀ ਫੀਲਡ ਆਪਾ ਗੁਆ ਬੈਠੇ ਅਤੇ ਆਪਣੀ ਸੀਟ ਤੋਂ ਉਠ ਕੇ ਮਹਿਲਾ ਪ੍ਰਦਰਸ਼ਨਕਾਰੀ ਨੂੰ ਪਹਿਲਾਂ ਧੱਕਾ ਦਿੱਤਾ ਅਤੇ ਫਿਰ ਗਰਦਨ ਤੋਂ ਫੜ ਕੇ ਧੂ ਕੇ ਲੈ ਗਏ।

ਗ੍ਰੀਨਪੀਸ ਨੇ ਇਕ ਬਿਆਨ ਵਿਚ ਕਿਹਾ ਕਿ ਸ਼ਾਂਤੀਪੂਰਨ ਵਿਰੋਧ 'ਤੇ ਫੀਲਡ ਦੀ ਇਸ ਪ੍ਰਤੀਕਿਰਿਆ ਤੋਂ ਉਹ ਹੈਰਾਨ ਰਹਿ ਗਏ। ਇਸ ਤੋਂ ਇਲਾਵਾ ਇਕ ਹੋਰ ਵਰਕਰ ਅਰੀਬਾ ਹਾਮਿਦ ਨੇ ਕਿਹਾ ਕਿ ਅਸੀਂ ਉਥੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਚਰਚਾ ਕਰਨ ਦੀ ਉਮੀਦ ਕਰ ਰਹੇ ਸਨ ਕਿਉਂਕਿ ਉਥੇ ਡਿਨਰ ਵਿਚ ਫਾਈਨਾਂਸਰ ਅਤੇ ਬੈਂਕਰ ਵੀ ਮੌਜੂਦ ਸਨ। ਇਸ ਸਬੰਧ ਵਿਚ ਮਾਰਕ ਫੀਲਡ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਹਿਜ ਪ੍ਰਤੀਕਿਰਿਆ ਦਿੱਤੀ ਕਿਉਂਕੀ ਉਨ੍ਹਾਂ ਨੂੰ ਸ਼ੱਕ ਸੀ ਕਿ ਪ੍ਰਦਰਸ਼ਨਕਾਰੀ ਹਥਿਆਰਾਂ ਨਾਲ ਲੈੱਸ ਹਨ ਅਤੇ ਕੋਈ ਹਿੰਸਾ ਕਰ ਸਕਦੇ ਹਨ। ਫੀਲਡ ਨੇ ਕਿਹਾ ਕਿ ਉਹ ਇਸ ਦੇ ਲਈ ਸ਼ਰਮਿੰਦਾ ਹਨ ਅਤੇ ਮਹਿਲਾ ਕਾਰਕੁੰਨ ਤੋਂ ਮੁਆਫੀ ਮੰਗਦੇ ਹਨ। ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਮਾਮਲੇ ਨੂੰ ਉਨ੍ਹਾਂ ਨੇ ਖੁਦ ਹੀ ਜਾਂਚ ਲਈ ਕੈਬਨਿਟ ਦਫਤਰ ਭੇਜ ਦਿੱਤਾ ਹੈ।

Sunny Mehra

This news is Content Editor Sunny Mehra