ਸਕਰੀਪਲ ਦੇ ਸ਼ੱਕੀਆਂ ਨੇ ਕਤਲ 'ਚ ਸ਼ਮੂਲੀਅਤ ਤੋਂ ਕੀਤਾ ਇਨਕਾਰ, ਦਿੱਤਾ ਇਹ ਬਿਆਨ

09/14/2018 5:50:48 PM

ਮਾਸਕੋ (ਭਾਸ਼ਾ)— ਬ੍ਰਿਟੇਨ ਵਿਚ ਰੂਸ ਦੇ ਸਾਬਕਾ ਜਾਸੂਸ ਸਰਜੇਈ ਸਕਰੀਪਲ ਨੂੰ ਜ਼ਹਿਰ ਦੇਣ ਦੇ ਸ਼ੱਕੀ ਦੋਸ਼ੀਆਂ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਵਿਚ ਉਨ੍ਹਾਂ ਨੇ ਕਤਲ ਕਰਨ ਦੀ ਇਸ ਕੋਸ਼ਿਸ਼ ਵਿਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ। ਉੱਥੇ ਬ੍ਰਿਟੇਨ ਨੇ ਇਸ ਬਿਆਨ ਨੂੰ ''ਸਰਕਾਰੀ ਖੁਫੀਆ ਏਜੰਸੀ ਦੀ ਬੇਇੱਜ਼ਤੀ'' ਦੱਸਦਿਆਂ ਰੱਦ ਕਰ ਦਿੱਤਾ ਹੈ। ਕ੍ਰੇਮਲਿਨ ਦੇ ਸਮਰਥਨ ਵਾਲੀ ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਵਿਚ ਦੋਹਾਂ ਨੇ ਪੁਸ਼ਟੀ ਕੀਤੀ ਕਿ ਉਹੀ ਉਹ ਵਿਅਕਤੀ ਹਨ ਜਿਨ੍ਹਾਂ ਦੀ ਤਸਵੀਰ ਇਸ ਮਹੀਨੇ ਬ੍ਰਿਟਿਸ਼ ਅਧਿਕਾਰੀਆਂ ਨੇ ਜਾਰੀ ਕੀਤੀ ਸੀ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਸੈਲਾਨੀ ਦੇ ਤੌਰ 'ਤੇ ਸਾਲਿਸਬਰੀ ਗਏ ਸਨ। 

PunjabKesari

ਬ੍ਰਿਟੇਨ ਦੀਆਂ ਸੁਰੱਖਿਆ ਸੀਮਾਵਾਂ ਨੇ ਅਲੈਗਜੈਂਡਰ ਪੈਤਰੋਵ ਅਤੇ ਰੂਸਲਾਨ ਬੋਸ਼ੀਰੋਵ ਦਾ ਨਾਮ ਲਿਆ। ਭਾਵੇਂਕਿ ਉਸ ਨੇ ਇਹ ਵੀ ਕਿਹਾ ਸੀ ਕਿ ਉਹ ਦੋਹਾਂ ਦੇ ਉਪਨਾਮ ਹੋ ਸਕਦੇ ਹਨ। ਦੋਹਾਂ ਵਿਅਕਤੀਆਂ ਨੇ 25 ਮਿੰਟ ਲੰਬੀ ਇੰਟਰਵਿਊ ਵਿਚ ਕਿਹਾ ਕਿ ਇਹ ਉਨ੍ਹਾਂ ਦੇ ਅਸਲੀ ਨਾਮ ਹਨ ਪਰ ਨਾਲ ਹੀ ਕਿਹਾ ਕਿ ਉਹ ਰੂਸ ਦੀ ਜੀ.ਆਰ.ਯੂ. ਮਿਲਟਰੀ ਖੁਫੀਆ ਏਜੰਸੀ ਲਈ ਕੰਮ ਨਹੀਂ ਕਰਦੇ ਜਿਵੇਂ ਕਿ ਬ੍ਰਿਟੇਨ ਨੇ ਦਾਅਵਾ ਕੀਤਾ ਹੈ। ਦੋਹਾਂ ਦੀ ਉਮਰ 40 ਦੇ ਕਰੀਬ ਲੱਗ ਰਹੀ ਸੀ। ਬੁੱਧਵਾਰ ਸ਼ਾਮ ਨੂੰ ਇਹ ਇੰਟਰਵਿਊ ਰਿਕਾਰਡ ਕੀਤੇ ਜਾਣ ਦੇ ਕੁਝ ਘੰਟਿਆਂ ਪਹਿਲਾਂ ਹੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਰੂਸ ਨੇ ਬ੍ਰਿਟੇਨ ਵੱਲੋਂ ਸ਼ੱਕੀ ਦੱਸੇ ਗਏ ਵਿਅਕਤੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੋਹਾਂ ਨੂੰ ਮੀਡੀਆ ਨਾਲ ਗੱਲਬਾਤ ਲਈ ਅਪੀਲ ਕੀਤੀ ਹੈ। 

ਪੁਤਿਨ ਨੇ ਕਿਹਾ ਸੀ ਕਿ ਉਹ ਆਮ ਨਾਗਰਿਕ ਹਨ। ਕੋਈ ਅਪਰਾਧੀ ਨਹੀਂ ਹਨ। ਬ੍ਰਿਟੇਨ ਦਾ ਮੰਨਣਾ ਹੈ ਕਿ ਪੁਤਿਨ ਨੇ ਨਿੱਜੀ ਤੌਰ 'ਤੇ ਇਹ ਹਮਲਾ ਕਰਵਾਇਆ। ਪੈਤਰੋਵ ਅਤੇ ਬੋਸ਼ੀਰੋਵ ਨੇ ਕਿਹਾ ਕਿ ਉਹ 2 ਮਾਰਚ ਨੂੰ ਬ੍ਰਿਟੇਨ ਪਹੁੰਚੇ ਅਤੇ ਅਗਲੇ ਦਿਨ ਘੁੰਮਣ ਲਈ ਸਾਲਿਸਬਰੀ ਗਏ। ਉਹ ਉੱਥੇ ਇਕ ਘੰਟਾ ਰੁਕੇ ਕਿਉਂਕਿ ਮੌਸਮ ਖਰਾਬ ਸੀ ਅਤੇ ਭਾਰੀ ਬਰਫ ਪੈ ਰਹੀ ਸੀ। ਪਰ ਅਗਲੇ ਦਿਨ 4 ਮਾਰਚ ਨੂੰ ਹਮਲੇ ਵਾਲੇ ਦਿਨ ਉਹ ਸ਼ਹਿਰ ਪਰਤੇ। ਬ੍ਰਿਟਿਸ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੱਕੀ ਹਮਲੇ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅੰਜ਼ਾਮ ਦੇਣ ਲਈ ਦੋ ਵਾਰ ਸਾਲਿਸਬਰੀ ਗਏ ਸਨ।


Related News