ਹੈਰੀ-ਮੇਗਨ ਸੰਕਟ ਨੂੰ ਲੈ ਕੇ ਮਹਾਰਾਣੀ ਨੇ ਬੁਲਾਈ ਐਮਰਜੈਂਸੀ ਬੈਠਕ

01/12/2020 4:48:44 PM

ਲੰਡਨ (ਭਾਸ਼ਾ): ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਸੋਮਵਾਰ ਨੂੰ ਨਾਰਫੋਕ ਦੇ ਸ਼ੈਨਡ੍ਰਿੰਘਮ ਅਸਟੇਟ ਵਿਚ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰਾਂ ਦੀ ਇਕ ਪਰਿਵਾਰਕ ਬੈਠਕ ਬੁਲਾਈ ਹੈ।ਇਸ ਬੈਠਕ ਵਿਚ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਮਰਕੇਲ ਦੀਆਂ ਆਉਣ ਵਾਲੀਆਂ ਭੂਮਿਕਾਵਾਂ 'ਤੇ ਚਰਚਾ ਕੀਤੀ ਜਾਵੇਗੀ। ਇਹ ਬੈਠਕ ਅਜਿਹੇ ਸਮੇਂ ਵਿਚ ਹੋ ਰਹੀ ਹੈ ਜਦੋਂ ਹੈਰੀ ਅਤੇ ਮੇਗਨ ਨੇ ਇਹ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਉਹ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਭੂਮਿਕਾ ਤੋਂ ਵੱਖ ਹੋ ਰਹੇ ਹਨ। ਬੀ.ਬੀ.ਸੀ. ਨੇ ਰਾਜਮਹਿਲ ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਡਿਊਕ ਆਫ ਸਸੈਕਸ ਪ੍ਰਿੰਸ ਹੈਰੀ, ਉਹਨਾਂ ਦੇ ਭਰਾ ਡਿਊਕ ਆਫ ਕੈਮਬ੍ਰਿਜ ਪ੍ਰਿੰਸ ਵਿਲੀਅਮ ਅਤੇ ਉਹਨਾਂ ਦੇ ਪਿਤਾ ਪ੍ਰਿੰਸ ਆਫ ਵੇਲਜ਼ ਚਾਰਲਸ ਨੂੰ ਇਸ ਬੈਠਕ ਵਿਚ ਸੱਦਾ ਦਿੱਤਾ ਗਿਆ ਹੈ ਜਦਕਿ ਮੇਗਨ ਦੇ ਇਸ ਚਰਚਾ ਵਿਚ ਕੈਨੇਡਾ ਤੋਂ ਫੋਨ 'ਤੇ ਜੁੜਨ ਦੀ ਆਸ ਹੈ।

ਸੋਮਵਾਰ ਨੂੰ ਹੋਣ ਵਾਲੀ ਇਸ ਬੈਠਕ ਨੂੰ 'ਸ਼ੈਨਡ੍ਰਿੰਘਮ ਸਮਿਟ' ਕਿਹਾ ਜਾ ਰਿਹਾ ਹੈ। ਇਹ ਪ੍ਰਿੰਸ ਹੈਰੀ ਦੇ ਸ਼ਾਹੀ ਭੂਮਿਕਾ ਤੋਂ ਵੱਖ ਹੋਣ ਦਾ ਐਲਾਨ ਕਰਨ ਤੋਂ ਬਾਅਦ ਪਹਿਲਾ ਮੌਕਾ ਹੋਵੇਗਾ ਜਦੋਂ 93 ਸਾਲਾ ਮਹਾਰਾਣੀ ਦੀ ਉਹਨਾਂ ਨਾਲ ਆਹਮੋ-ਸਾਹਮਣੇ ਮੁਲਾਕਾਤ ਹੋਵੇਗੀ। ਸ਼ਾਹੀ ਜੋੜੇ ਵੱਲੋਂ ਬੁੱਧਵਾਰ ਨੂੰ ਇਸ ਫੈਸਲੇ ਦੇ ਐਲਾਨ ਕੀਤਾ ਗਿਆ ਸੀ ਕਿ ਉਹ ਸ਼ਾਹੀ ਭੂਮਿਕਾ ਤੋਂ ਪਿੱਛੇ ਹਟਣ ਦੇ ਚਾਹਵਾਨ ਹਨ ਅਤੇ ਆਪਣਾ ਸਮਾਂ ਬ੍ਰਿਟੇਨ ਤੇ ਉੱਤਰੀ ਅਮਰੀਕਾ ਦੇ ਵਿਚ ਬਤੀਤ ਕਰਨਾ ਚਾਹੁੰਦੇ ਹਨ ਅਤੇ ਆਰਥਿਕ ਰੂਪ ਨਾਲ ਸੁਤੰਤਰ ਬਣਨਾ ਚਾਹੁੰਦੇ ਹਨ। ਖਬਰ ਵਿਚ ਕਿਹਾ ਗਿਆ ਕਿ ਅਜਿਹੀ ਆਸ ਹੈ ਕਿ ਇਹ ਗੱਲਬਾਤ ਉਹ ਅਗਲਾ ਕਦਮ ਤੈਅ ਕਰੇਗੀ , ਜਿਸ ਨਾਲ ਸ਼ਾਹੀ ਪਰਿਵਾਰ ਦੇ ਨਾਲ ਜੋੜੇ ਦੇ ਨਵੇਂ ਰਿਸ਼ਤੇ ਨੂੰ ਪਰਿਭਾਸ਼ਿਤ ਕੀਤਾ ਜਾ ਸਕੇ।

ਇਹ ਮਹਾਰਾਣੀ ਦੀ ਉਸ ਇੱਛਾ ਦੇ ਮੁਤਾਬਕ ਹੈ ਜੋ ਜਲਦੀ ਤੋਂ ਜਲਦੀ ਇਸ ਮਾਮਲੇ ਨੂੰ ਹੱਲ ਕਰਨਾ ਚਾਹੁੰਦੀ ਹੈ। ਇਸ ਵਿਚ ਕਿਹਾ ਗਿਆ ਕਿ ਇਸ ਗੱਲਬਾਤ ਦੇ ਦੌਰਾਨ ਹੱਲ ਕਰਨ ਲਈ ਕਈ ਚੁਣੌਤੀਆਂ ਹਨ। ਇਹ ਬੈਠਕ ਉਹਨਾਂ ਪ੍ਰਸਤਾਵਾਂ 'ਤੇ ਪਰਿਵਾਰ ਲਈ ਚਰਚਾ ਦਾ ਇਕ ਮੌਕਾ ਵੀ ਹੋਵੇਗਾ ਜੋ ਰਾਜਮਹਿਲ ਦੇ ਅਹੁਦੇਦਾਰਾਂ ਅਤੇ ਬ੍ਰਿਟਿਸ਼ ਤੇ ਕੈਨੇਡੀਅਨ ਸਰਕਾਰ ਦੇ ਪ੍ਰਤੀਨਿਧੀਆਂ ਦੇ ਵਿਚ ਹੋਏ ਵਟਾਂਦਰੇ ਦੇ ਬਾਅਦ ਤਿਆਰ ਕੀਤੇ ਗਏ ਹਨ। ਇਹ ਪ੍ਰਸਤਾਵ ਇਸ ਬਾਰੇ ਵਿਚ ਹਨ ਕਿ ਮੇਗਨ (38) ਅਤੇ ਹੈਰੀ (35) ਕਿਵੇਂ ਸ਼ਾਹੀ ਪਰਿਵਾਰ ਤੋਂ ਵੱਖਰੇ ਹੋਣ ਦੇ ਬਾਅਦ ਆਪਣੀ ਨਵੀਂ ਪ੍ਰਗਤੀਸ਼ੀਲ ਭੂਮਿਕਾ ਤਿਆਰ ਕਰਨਗੇ। ਇਸ ਜੋੜੇ ਨੇ ਕਿਹਾ ਹੈ ਕਿ ਨਵੇਂ ਸਸੈਕਸ ਰੋਇਲ ਪਰਮਾਰਥ ਦੇ ਜ਼ਰੀਏ ਉਹਨਾਂ ਦੀ ਲੋਕਾਂ ਦੀ ਮਦਦ ਜਾਰੀ ਰੱਖਣ ਦੀ ਯੋਜਨਾ ਹੈ। ਇਸ ਪਰਮਾਰਥ ਸੰਸਥਾ ਦੀ ਸ਼ੁਰੂਆਤ ਉਹਨਾਂ ਨੇ ਪਿਛਲੇ ਸਾਲ ਜੂਨ ਵਿਚ ਡਿਊਕ ਐਂਡ ਡਚੇਜ਼ ਆਫ ਕੈਮਬ੍ਰਿਜ ਫਾਊਂਡੇਸ਼ਨ ਤੋਂ ਵੱਖ ਹੋਣ ਦੇ ਬਾਅਦ ਕੀਤੀ ਸੀ।


Vandana

Content Editor

Related News