ਅਮਰੀਕਾ ਤੋਂ ਬਾਅਦ ਹੁਣ ਬ੍ਰਿਟੇਨ ਕਰ ਸਕਦੈ ਬੀਜਿੰਗ ਓਲੰਪਿਕ 2022 ਦਾ ਰਾਜਨੀਤਕ ਬਾਈਕਾਟ

11/20/2021 4:25:54 PM

ਲੰਡਨ (ਵਾਰਤਾ) : ਬ੍ਰਿਟੇਨ 2022 ਵਿਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦਾ ਕੂਟਨੀਤਕ ਤੌਰ ’ਤੇ ਬਾਈਕਾਟ ਕਰ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਚੀਨ ਵਿਚ ਕਥਿਤ ਤੌਰ ’ਤੇ ਮਨੁੱਖੀ ਅਧਿਕਾਰੀ ਉਲੰਘਣ ਦੇ ਮੁੱਦੇ ’ਤੇ ਬੀਜਿੰਗ ਓਲੰਪਿਕ 2022 ਦਾ ਕੂਟਨੀਤਕ ਤੌਰ ’ਤੇ ਬਾਈਕਾਟ ਕਰਨ ’ਤੇ ਵਿਚਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਵੀਰਵਾਰ ਨੂੰ ਬੀਜਿੰਗ ਓਲੰਪਿਕ 2022 ਦਾ ਕੂਟਨੀਤਕ ਬਾਈਕਾਟ ਕਰਨ ਦੀ ਗੱਲ ਕਹੀ ਸੀ।

ਟਾਈਮਜ਼ ਅਖ਼ਬਾਰ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਸਰਕਾਰ ਬੀਜਿੰਗ ਵਿਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਵਿਚ ਅਧਿਕਾਰੀਆਂ ਨੂੰ ਭੇਜਣ ਤੋਂ ਪਰਹੇਜ ਕਰਨ ਦੀ ਸੰਭਾਵਨਾ ’ਤੇ ਸਰਗਰਮ ਰੂਪ ਨਾਲ ਚਰਚਾ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਦੇ ਵਿਦੇਸ਼ ਮੰਤਰੀ ਲਿਜ ਟ੍ਰਸ ਨੇ ਇਹ ਸੁਝਾਅ ਦਿੱਤਾ ਹੈ। ਅਖ਼ਬਾਰ ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਬੀਜਿੰਗ ਓਲੰਪਿਕ ਵਿਚ ਬ੍ਰਿਟੇਨ ਦੀ ਨੁਮਾਇੰਦਗੀ ਚੀਨ ਵਿਚ ਸਥਿਤ ਬ੍ਰਿਟੇਨ ਦੇ ਰਾਜਦੂਤ ਕਰ ਸਕਦੇ ਹਨ ਪਰ ਕੋਈ ਹੋਰ ਅਧਿਕਾਰੀ ਇਸ ਵਿਚ ਹਿੱਸਾ ਨਹੀਂ ਲਵੇਗਾ। ਜ਼ਿਕਰਯੋਗ ਹੈ ਕਿ ਮਾਰਚ ਵਿਚ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਯੂਰਪੀ ਸੰਘ ਨੇ ਝਿੰਜਿਆਂਗ ਉਈਗਰ ਸਵਾਇਤ ਖੇਤਰ ਵਿਚ ਕਥਿਤ ਮਨੁੱਖੀ ਅਧਿਕਾਰ ਉਲੰਘਣ ਨੂੰ ਲੈ ਕੇ ਚੀਨ ਦੇ ਚਾਰ ਅਧਿਕਾਰੀਆਂ ਅਤੇ ਇਕ ਇਕਾਈ ’ਤੇ ਪਾਬੰਦੀ ਲਗਾ ਦਿੱਤੀ ਸੀ।
 

cherry

This news is Content Editor cherry