ਬ੍ਰਿਟੇਨ ਸੀਰੀਆ ਤੋਂ ISIS ਲਾੜੀਆਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਦਾ ਇੱਛੁਕ

10/28/2019 9:24:27 PM

ਲੰਡਨ (ਭਾਸ਼ਾ)- ਬ੍ਰਿਟੇਨ ਸਰਕਾਰ ਸੀਰੀਆ ਤੋਂ ਉਨ੍ਹਾਂ ਬੱਚਿਆਂ ਨੂੰ ਵਾਪਸ ਲਿਆਉਣ 'ਤੇ ਵਿਚਾਰ ਕਰ ਰਹੀ ਹੈ, ਜੋ ਸੀਰੀਆ ਜਾ ਕੇ ਆਈ.ਐਸ.ਆਈ.ਐਸ. ਦੇ ਲੜਾਕਿਆਂ ਨਾਲ ਵਿਆਹ ਕਰਨ ਵਾਲੀ, ਬ੍ਰਿਟਿਸ਼ ਮੂਲ ਦੀਆਂ ਔਰਤਾਂ ਤੋਂ ਜਨਮੇ ਹਨ। ਮੀਡੀਆ ਵਿਚ ਆਈ ਇਕ ਖਬਰ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਕ ਸੰਗਠਨ ਦਾ ਮੰਨਣਾ ਹੈ ਕਿ ਖੇਤਰ ਵਿਚ ਤਕਰੀਬਨ 60 ਬੱਚੇ ਬ੍ਰਿਟਿਸ਼ ਮੂਲ ਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਆਪਣੀਆਂ ਮਾਤਾਵਾਂ ਦੇ ਨਾਲ ਹਨ, ਜੋ ਅੱਤਵਾਦੀ ਧੜੇ ਵਿਚ ਸ਼ਾਮਲ ਹੋ ਗਈਆਂ ਸਨ। ਸੰਡੇ ਟਾਈਮਜ਼ ਦੀ ਖਬਰ ਵਿਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਜਿਥੇ ਬ੍ਰਿਟਿਸ਼ ਮੂਲ ਦੇ ਇਨ੍ਹਾਂ ਬੱਚਿਆਂ ਨੂੰ ਵਾਪਸ ਲਿਆਉਣ ਦੀ ਯੋਜਨਾ ਦੇ ਪੱਖ ਵਿਚ ਹਨ, ਉਥੇ ਹੀ ਦੇਸ਼ ਦਾ ਰੱਖਿਆ ਮੰਤਰਾਲਾ ਨਹੀਂ ਚਾਹੁੰਦਾ ਕਿ ਇਨ੍ਹਾਂ ਬੱਚਿਆਂ ਦੀ ਜ਼ਿੰਮੇਵਾਰੀ ਬ੍ਰਿਟੇਨ ਚੁੱਕੇ। ਮੰਨਿਆ ਇਹ ਵੀ ਜਾ ਰਿਹਾ ਹੈ ਕਿ ਦੇਸ਼ ਦਾ ਗ੍ਰਹਿ ਮੰਤਰਾਲਾ ਵੀ ਇਸ ਯੋਜਨਾ ਦੇ ਵਿਰੋਧ ਵਿਚ ਹੈ ਕਿਉਂਕਿ ਉਸ ਨੂੰ ਡਰ ਹੈ ਕਿ ਜੇਕਰ ਇਨ੍ਹਾਂ ਬੱਚਿਆਂ ਦੇ ਨਾਲ ਉਨ੍ਹਾਂ ਦੀ ਮਾਂ ਵੀ ਵਾਪਸ ਆਉਂਦੀ ਹੈ ਤਾਂ ਉਸ ਨੂੰ ਇਨ੍ਹਾਂ ਜਿਹਾਦੀ ਲਾੜੀਆਂ 'ਤੇ ਨਜ਼ਰ ਰੱਖਣੀ ਪਵੇਗੀ।

ਅਖਬਾਰ ਵਿਚ ਸਰਕਾਰ ਦੇ ਇਕ ਸੂਤਰ ਨੂੰ ਇਹ ਕਹਿੰਦੇ ਹੋਏ ਖੁਲਾਸਾ ਕੀਤਾ ਗਿਆ ਹੈ ਕਿ ਹਰੇਕ ਬੱਚੇ 'ਤੇ ਮਾਮਲਾ ਦਰ ਮਾਮਲਾ ਆਧਾਰ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਰਕਾਰ ਨੇ ਇਸ ਬਾਰੇ ਕਾਨੂੰਨੀ ਸਲਾਹ ਲਈ ਹੈ ਕਿ ਵਾਪਸ ਆਉਣ ਤੋਂ ਬਾਅਦ ਮਾਂ ਖਿਲਾਫ ਜੇਕਰ ਬੱਚੇ ਨਾਲ ਮਾੜੇ ਵਰਤਾਅ ਦੇ ਦੋਸ਼ ਵਿਚ ਮੁਕੱਦਮਾ ਚਲਾਇਆ ਗਿਆ ਤਾਂ ਇਹ ਸਾਬਿਤ ਕਰਨ ਦੀ ਕੋਈ ਲੋੜ ਹੀ ਨਹੀਂ ਰਹੇਗੀ ਕਿ ਉਹ ਜਿਹਾਦੀ ਗਤੀਵਿਧੀਆਂ ਵਿਚ ਸ਼ਾਮਲ ਰਹੀ ਹੈ। ਜੋ ਮਾਵਾਂ ਵਾਪਸ ਆ ਸਕਦੀਆਂ ਹਨ ਉਨ੍ਹਾਂ ਵਿਚ 25 ਸਾਲਾ ਤੂਬਾ ਗੋਂਡਲ ਵੀ ਸ਼ਾਮਲ ਹੈ। ਬੰਗਲਾਦੇਸ਼ੀ ਮੂਲ ਦੀ ਬ੍ਰਿਟਿਸ਼ ਨਾਗਰਿਕ ਤੂਬਾ 'ਤੇ ਆਈ.ਐਸ.ਆਈ.ਐਸ. ਲਈ ਦਾਖਲ ਕਰਨ ਅਤੇ ਗਲਤ ਪ੍ਰਚਾਰ ਕਰਨ ਦਾ ਇਲਜ਼ਾਮ ਹੈ। ਨੀਤੀ ਵਿਚ ਬਦਲਾਅ ਦਾ ਇਸ਼ਾਰਾ ਉਦੋਂ ਮਿਲਿਆ ਜਦੋਂ ਬ੍ਰਿਟਿਸ਼ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਪੂਰਬੀ ਲੰਡਨ ਵਿਚ ਰਹਿ ਰਹੇ ਤੂਬਾ ਦੇ ਪਰਿਵਾਰ ਨਾਲ ਉਸ ਦੀ ਪਛਾਣ ਸਥਾਪਿਤ ਕਰਨ ਲਈ ਉਸ ਦੇ ਬੱਚਿਆਂ ਬਾਰੇ ਜਾਣਕਾਰੀ ਮੰਗੀ। ਤੂਬਾ ਦਾ 3 ਸਾਲ ਦਾ ਪੁੱਤਰ ਇਬ੍ਰਾਹਿਮ ਤੇ 18 ਮਹੀਨੇ ਦੀ ਧੀ ਆਸੀਆ ਹੈ।

ਦੋਹਾਂ ਬੱਚਿਆਂ ਦਾ ਜਨਮ ਸੀਰੀਆ ਵਿਚ ਹੋਇਆ ਅਤੇ ਦੋਹਾਂ ਦੇ ਪਿਤਾ ਵੱਖ-ਵੱਖ ਹਨ। ਸਮਝਿਆ ਜਾਂਦਾ ਹੈ ਕਿ ਤੂਬਾ ਦੇ ਪਰਿਵਾਰ ਨੇ ਵਿਦੇਸ਼ ਮੰਤਰਾਲੇ ਨੂੰ ਇਬ੍ਰਾਹਿਮ ਦੇ ਪਿਤਾ ਦਾ ਬੇਹਦ ਪੁਰਾਣਾ ਹੋ ਚੁੱਕਾ ਪਾਸਪੋਰਟ ਅਤੇ ਜਨਮ ਪ੍ਰਮਾਣ ਪੱਤਰ ਮੁਹੱਈਆ ਕਰਾਇਆ। ਇਬ੍ਰਾਹਿਮ ਦਾ ਪਿਤਾ ਆਤਮਘਾਤੀ ਬੰਬ ਹਮਲਾਵਰ ਸੀ। ਆਸਿਆ ਦਾ ਪਿਤਾ ਵੀ ਮਾਰਿਆ ਜਾ ਚੁੱਕਾ ਹੈ। ਸਮਝਿਆ ਜਾਂਦਾ ਹੈ ਕਿ ਉਹ ਰੂਸ ਦੇ ਕਾਕੇਸ਼ੀਆ ਦਾ ਰਹਿਣ ਵਾਲਾ ਸੀ। ਅੰਦਾਜ਼ਾ ਹੈ ਕਿ ਤੂਬਾ ਅਤੇ ਉਸ ਦੇ ਬੱਚੇ ਤੁਰਕੀ ਦੀ ਸੀਰੀਆ ਦੇ ਨਾਲ ਲੱਗਣ ਵਾਲੀ ਸਰਹੱਦ ਦੇ ਨੇੜੇ, ਤੁਰਕੀ ਨਾਲ ਜੁੜੀ ਇਕ ਮਿਲੀਸ਼ੀਆ ਨੇੜੇ ਹੈ। ਜੇਕਰ ਉਹ ਸਰਹੱਦ ਪਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਬ੍ਰਿਟੇਨ ਭੇਜ ਦਿੱਤਾ ਜਾਵੇਗਾ। ਤੂਬਾ ਲੰਡਨ ਦੇ ਗੋਲਡਸਮਿਥ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੀ ਵਿਦਿਆਰਥਣ ਸੀ। ਉਸ ਨੇ ਇਕ ਖੁੱਲੇ ਪੱਤਰ ਵਿਚ, ਸੀਰੀਆ ਜਾਣ ਦੇ ਆਪਣੇ ਕਦਮ 'ਤੇ ਅਫਸੋਸ ਜ਼ਾਹਿਰ ਕਰਦੇ ਹੋਏ ਆਈ.ਐਸ.ਆਈ.ਐਸ. ਦੀ ਨਿੰਦਿਆ ਕੀਤੀ ਅਤੇ ਬ੍ਰਿਟਿਸ਼ ਜਨਤਾ ਤੋਂ ਮੁਆਫੀ ਮੰਗੀ ਸੀ। ਤੂਬਾ ਦਾ ਇਹ ਪੱਤਰ ਦਿ ਸੰਡੇ ਟਾਈਮਜ਼ ਵਿਚ ਪ੍ਰਕਾਸ਼ਿਤ ਹੋਇਆ ਸੀ ਜਿਸ ਵਿਚ ਉਸ ਨੇ ਆਪਣੇ ਬੇਕਸੂਰ ਬੱਚਿਆਂ ਨੂੰ ਬ੍ਰਿਟੇਨ ਪਰਤਣ ਦੀ ਇਜਾਜ਼ਤ ਦਿੱਤੇ ਜਾਣ ਦੀ ਅਪੀਲ ਕੀਤੀ ਸੀ।

Sunny Mehra

This news is Content Editor Sunny Mehra