ਬਰਤਾਨੀਆ ''ਚ 1,300 ਤੋਂ ਵੱਧ ਲੋਕਾਂ ਨੂੰ ਮਿਲੀ ਕੋਰੋਨਾ ਦੀ ਗਲਤ ਰਿਪੋਰਟ

11/28/2020 5:28:05 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਇਸ ਦੇ ਟੈਸਟ ਵੱਡੀ ਭੂਮਿਕਾ ਅਦਾ ਕਰਦੇ ਹਨ। ਬਰਤਾਨਵੀ ਸਿਹਤ ਵਿਭਾਗ ਵੱਲੋਂ ਦੇਸ਼ ਵਾਸੀਆਂ ਨੂੰ ਵਾਇਰਸ ਤੋਂ ਸੁਰੱਖਿਅਤ ਕਰਨ ਲਈ ਵੱਡੀ ਪੱਧਰ 'ਤੇ ਵਾਇਰਸ ਦੇ ਟੈਸਟ ਕੀਤੇ ਜਾਂਦੇ ਹਨ। ਇਨ੍ਹਾਂ ਟੈਸਟਾਂ ਵਿਚ ਕਈ ਵਾਰ ਲਾਪ੍ਰਵਾਹੀ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਰਿਪੋਰਟ ਵਿਚ ਗਲਤ ਜਾਣਕਾਰੀ ਵੀ ਸਾਹਮਣੇ ਆ ਜਾਂਦੀ ਹੈ। ਅਜਿਹਾ ਹੀ ਗਲਤ ਜਾਣਕਾਰੀ ਦਾ ਵਾਕਿਆ ਯੂ. ਕੇ. ਵਿਚ ਲਗਭਗ 1300 ਵਿਅਕਤੀਆਂ ਨਾਲ ਵਾਪਰਿਆ ਹੈ, ਜਿਨ੍ਹਾਂ ਨੂੰ ਐੱਨ. ਐੱਚ. ਐੱਸ. ਟੈਸਟ ਅਤੇ ਟਰੇਸ ਦੁਆਰਾ ਲੈਬ ਵਿਚ ਹੋਈ ਗਲਤੀ ਕਾਰਨ, ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਸੀ। 

ਸਿਹਤ ਅਤੇ ਸਮਾਜਕ ਦੇਖਭਾਲ ਵਿਭਾਗ (ਡੀ. ਐੱਚ. ਐੱਸ. ਸੀ.) ਅਨੁਸਾਰ ਬ੍ਰਿਟੇਨ ਵਿਚ 19 ਤੋਂ 23 ਨਵੰਬਰ ਦੇ ਵਿਚਕਾਰ ਟੈਸਟ ਦੇਣ ਵਾਲੇ 1,311 ਲੋਕਾਂ ਨੂੰ ਰਿਪੋਰਟ ਵਿਚ ਸਕਾਰਾਤਮਕ ਟੈਸਟ ਹੋਣ ਦੀ ਗਲਤ ਜਾਣਕਾਰੀ ਦਿੱਤੀ ਗਈ ਹੈ। ਇਸ ਮਾਮਲੇ ਵਿਚ ਟੈਸਟਿੰਗ ਕੈਮੀਕਲਜ਼ ਦੇ ਸਮੂਹ  'ਚ ਹੋਈ ਗੜਬੜੀ ਕਰਕੇ ਇਸਦੇ ਨਤੀਜਿਆਂ ਦੇ ਖਰਾਬ ਹੋਣ ਬਾਰੇ ਦੱਸਿਆ ਗਿਆ ਹੈ। 

ਇਸ ਗਲਤੀ ਸੰਬੰਧੀ ਡੀ. ਐੱਚ. ਐੱਸ. ਸੀ. ਦੇ ਇਕ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਇਸ ਗਲਤ ਨਤੀਜੇ ਦੇ  ਪ੍ਰਭਾਵਿਤ ਲੋਕਾਂ ਨੂੰ ਸੂਚਿਤ ਕਰਨ ਲਈ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਇਕ ਹੋਰ ਟੈਸਟ ਦੇਣ ਲਈ ਵੀ ਕਿਹਾ ਜਾ ਰਿਹਾ ਹੈ, ਇਸ ਦੇ ਨਾਲ ਹੀ ਜੇਕਰ ਉਨ੍ਹਾਂ ਵਿੱਚ ਵਾਇਰਸ ਦੇ ਲੱਛਣ ਹਨ ਤਾਂ ਇਕਾਂਤਵਾਸ 'ਚ ਰਹਿਣ ਲਈ ਵੀ ਕਿਹਾ ਗਿਆ ਹੈ। ਜਦਕਿ ਪ੍ਰਯੋਗਸ਼ਾਲਾ ਵਿਚ ਹੋਈ ਗਲਤੀ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਤਰ੍ਹਾਂ ਦੀ ਗਲਤੀ ਦੁਬਾਰਾ ਨਾ ਵਾਪਰ ਸਕੇ। ਇਸ ਗਲਤੀ ਨੇ ਖੇਤਰ ਦੀ ਲਾਗ ਦਰ ਦੇ ਅੰਕੜਿਆਂ ਨੂੰ ਪ੍ਰਭਾਵਿਤ ਕਰਨ ਬਾਰੇ ਵਿਭਾਗ ਨੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਸਰਦੀਆਂ ਦੀ ਯੋਜਨਾ ਲਈ ਟੈਸਟ ਅਤੇ ਟਰੇਸ ਲਈ 7 ਬਿਲੀਅਨ ਪੌਂਡ ਦੀ ਵਾਧੂ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਹੈ ਤਾਂ ਜੋ ਟੈਸਟਿੰਗ ਵਿਚ ਵਾਧਾ ਕੀਤਾ ਜਾ ਸਕੇ ਅਤੇ ਸੰਪਰਕ ਟਰੇਸਿੰਗ ਪ੍ਰਕਿਰਿਆ ਵਿਚ ਸੁਧਾਰ ਕੀਤਾ ਜਾ ਸਕੇ।


 


Lalita Mam

Content Editor

Related News