ਸ਼ਖਸ ਨੇ 70 ਹਜ਼ਾਰ ਮਾਚਿਸ ਦੀਆਂ ਤੀਲੀਆਂ ਨਾਲ ਬਣਾਇਆ 'ਜਹਾਜ਼ ਦਾ ਮਾਡਲ' (ਤਸਵੀਰਾਂ)

02/28/2020 1:07:18 PM

ਲੰਡਨ (ਬਿਊਰੋ): ਬ੍ਰਿਟੇਨ ਦੇ ਇਕ ਸਾਬਕਾ ਸਮੁੰਦਰੀ ਮਲਾਹ ਡੇਵਿਡ ਰੋਨਾਲਡ ਨੇ 61 ਸਾਲ ਦੀ ਉਮਰ ਵਿਚ ਮੇਫਲੋਵਰ ਜਹਾਜ਼ ਦੀ 400ਵੀਂ ਵਰ੍ਹੇਗੰਢ ਦੇ ਸਿਲਸਿਲੇ ਵਿਚ ਰਿਪਲੀਕਾ (ਨਕਲ) ਬਣਾਈ ਹੈ। ਉਹ ਪਿਛਲੇ 2 ਸਾਲ ਤੋਂ ਇਸ ਨੂੰ ਬਣਾਉਣ ਵਿਚ ਜੁਟੇ ਹੋਏ ਸਨ। ਡੇਵਿਡ ਨੇ ਜਹਾਜ਼ ਨੂੰ ਬਣਾਉਣ ਦਾ ਕੰਮ 31 ਜਨਵਰੀ ਨੂੰ ਪੂਰਾ ਕੀਤਾ।

4 ਫੁੱਟ ਉੱਚੇ ਅਤੇ 5 ਫੁੱਟ ਲੰਬੇ ਜਹਾਜ਼ ਨੂੰ ਬਣਾਉਣ ਵਿਚ ਉਹਨਾਂ ਨੂੰ 900 ਘੰਟੇ ਦਾ ਸਮਾਂ ਲੱਗਾ। ਇਸ ਨੂੰ 70 ਹਜ਼ਾਰ ਮਾਚਿਸ ਦੀਆਂ ਤੀਲੀਆਂ ਨਾਲ ਬਣਾਇਆ ਗਿਆ ਹੈ। ਤੀਲੀਆਂ ਨੂੰ ਬੰਨ੍ਹੇ ਰੱਖਣ ਲਈ ਧਾਗੇ ਅਤੇ ਗੂੰਦ ਦੇ ਨਾਲ ਰੱਸੀ ਦੀ ਵਰਤੋਂ ਕੀਤੀ ਗਈ ਹੈ। ਜਹਾਜ਼ ਦਾ ਵਜ਼ਨ ਕਰੀਬ 7.2 ਕਿਲੋਗ੍ਰਾਮ ਹੈ।

ਇਸ ਇਤਿਹਾਸਿਕ ਜਹਾਜ਼ ਦੀ ਰਿਪਲੀਕਾ ਬਣਾਉਣ ਤੋਂ ਪਹਿਲਾਂ ਡੇਵਿਡ ਨੇ ਇਸ ਨਾਲ ਜੁੜੀ ਹਰ ਛੋਟੀ-ਵੱਡੀ ਜਾਣਕਾਰੀ ਇਕੱਠੀ ਕੀਤੀ। ਮੇਫਲੋਵਰ ਜਹਾਜ਼ 6 ਸਤੰਬਰ 1620 ਨੂੰ 102 ਲੋਕਾਂ ਨੂੰ ਲੈ ਕੇ ਅਮਰੀਕਾ ਲਈ ਰਵਾਨਾ ਹੋਇਆ ਸੀ। 2 ਮਹੀਨੇ ਬਾਅਦ ਇਹ ਮੈਸਾਚੁਸੇਟਸ ਤੱਟ 'ਤੇ ਪਹੁੰਚਿਆ। ਇਸ ਜਹਾਜ਼ ਵਿਚ ਛੋਟੀ ਕਿਸ਼ਤੀ, ਜਹਾਜ਼ੀ ਡੈਕ ਅਤੇ ਤੋਪਾਂ ਵੀ ਸਨ, ਜਿਸ ਦੀ ਨਕਲ ਡੇਵਿਡ ਦੇ ਬਣਾਏ ਜਹਾਜ਼ ਵਿਚ ਦੇਖੀ ਜਾ ਸਕਦੀ ਹੈ।

2009 ਵਿਚ ਬਣਾਇਆ ਸੀ ਵਰਲਡ ਰਿਕਾਰਡ


ਡੇਵਿਡ ਇਸ ਤੋਂ ਪਹਿਲਾਂ 40 ਜਹਾਜ਼ ਬਣਾ ਚੁੱਕੇ ਹਨ। ਮੇਫਲੋਵਰ ਉਹਨਾਂ ਵਿਚੋਂ ਇਕ ਹੈ। ਸਾਲ 2009 ਵਿਚ 21 ਫੁੱਟ ਉੱਚੇ ਨੌਰਥ ਸੀ ਆਇਲ ਸ਼ਿਪ ਦੀ ਰਿਪਲੀਕਾ ਬਣਾਉਣ ਲਈ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਸੀ। ਇਸ ਨੂੰ ਬਣਾਉਣ ਵਿਚ 41 ਲੱਖ ਮਾਚਿਸ ਦੀਆਂ ਤੀਲੀਆਂ ਲੱਗੀਆਂ ਸਨ। ਜੇਕਰ ਇਹਨਾਂ ਮਾਚਿਸਾਂ ਨੂੰ ਇਕੱਠੇ ਇਕ ਲਾਈਨ ਵਿਚ ਜੋੜਿਆ ਜਾਵੇ ਤਾਂ ਇਹ 4.1 ਕਿਲੋਮੀਟਰ ਤੋਂ ਵੱਧ ਲੰਬੀ ਲਾਈਨ ਬਣਦੀ।


 

Vandana

This news is Content Editor Vandana