ਬ੍ਰਿਟੇਨ : ਹੀਟ ਵੇਵ ਦੇ ਕਹਿਰ ਕਾਰਨ ਟ੍ਰੇਨਾਂ ਤੇ ਫਲਾਈਟਾਂ ਰੱਦ, ਹਜ਼ਾਰਾਂ ਯਾਤਰੀ ਫਸੇ

07/26/2019 4:00:20 PM

ਲੰਡਨ (ਏਜੰਸੀ)- ਬ੍ਰਿਟੇਨ ਵਿਚ ਪੈ ਰਹੀ ਅਤਿ ਦੀ ਗਰਮੀ ਕਾਰਨ ਪੂਰੇ ਦੇਸ਼ਵਾਸੀਆਂ ਦਾ ਬੁਰਾ ਹਾਲ ਹੈ, ਉਤੋਂ ਟਰਾਂਸਪੋਰਟ ਸਿਸਟਮ ਵੀ ਪੂਰੀ ਤਰ੍ਹਾਂ ਠੱਪ ਪਿਆ ਹੈ। ਕਈ ਜਹਾਜ਼ਾਂ ਦੀਆਂ ਉਡਾਨਾਂ ਰੱਦ ਹੋ ਗਈਆਂ, ਟ੍ਰੇਨਾਂ ਕੈਂਸਲ ਹੋ ਗਈਆਂ। ਜੁਲਾਈ ਮਹੀਨੇ ਵਿਚ ਪੈ ਰਹੀ ਕਹਿਰ ਦੀ ਗਰਮੀ ਕਾਰਨ ਹਜ਼ਾਰਾਂ ਲੋਕ ਏਅਰਪੋਰਟਾਂ 'ਤੇ ਫਸੇ ਹੋਏ ਹਨ। ਹੀਥਰੋ, ਗੈਟਵਿਕ, ਸਟੈਨਸਟਡ ਅਤੇ ਲਿਊਟਨ ਅਜਿਹੇ ਏਅਰਪੋਰਟ ਹਨ ਜਿਥੇ ਯਾਤਰੀ ਖੱਜਲ ਹੋ ਰਹੇ ਹਨ ਅਤੇ ਕਈ ਯਾਤਰੀਆਂ ਦੀਆਂ ਫਲਾਈਟਾਂ ਲੇਟ ਹਨ ਜਿਸ ਕਾਰਨ ਉਨ੍ਹਾਂ ਨੂੰ ਉਡੀਕ ਲਈ ਏਅਰਪੋਰਟ 'ਤੇ ਹੀ ਰੁਕਣਾ ਪੈ ਰਿਹਾ ਹੈ।

ਇਨ੍ਹਾਂ ਤੋਂ ਇਲਾਵਾ ਕੁਝ ਲੋਕ ਸੋਸ਼ਲ ਮੀਡੀਆ 'ਤੇ ਟਰਾਂਸਪੋਰਟ ਸੇਵਾਵਾਂ ਨੂੰ ਕੋਸ ਰਹੇ ਹਨ। ਬ੍ਰਿਟਿਸ਼ ਏਅਰਵੇਜ਼ ਨੇ ਇਸ ਗੱਲ 'ਤੇ ਖੇਦ ਪ੍ਰਗਟਾਇਆ ਹੈ ਕਿ ਤਕਰੀਬਨ 30 ਫਲਾਈਟਾਂ ਹੀਥਰੋ ਏਅਰਪੋਰਟ ਤੋਂ ਹੀਟ ਵੇਵ ਕਾਰਨ ਰੱਦ ਕਰਨੀਆਂ ਪਈਆ ਹਨ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਹੀਥਰੋ ਏਅਰਪੋਰਟ 'ਤੇ ਕਈ ਯਾਤਰੀ ਤਕਰੀਬਨ 16 ਘੰਟਿਆਂ ਤੋਂ ਫਸੇ ਹੋਏ ਹਨ, ਜੋ ਆਪਣੀ ਫਲਾਈਟ ਦੀ ਉਡੀਕ ਵਿਚ ਬੈਠੇ ਹਨ। ਹੀਥਰੋ ਦੇ ਹੋਟਲ ਸੋਫੀਟੇਲ ਵਲੋਂ ਇਨ੍ਹਾਂ ਅਜਿਹੇ ਯਾਤਰੀਆਂ ਨੂੰ ਰਾਤ ਕੱਟਣ ਲਈ ਸਲੀਪਿੰਗ ਬੈਗਸ ਦਿੱਤੇ ਗਏ ਹਨ ਤਾਂ ਜੋ ਏਅਰਪੋਰਟ ਦੇ ਫਰਸ਼ 'ਤੇ ਕਿਸੇ ਤਰੀਕੇ ਨਾਲ ਰਾਤ ਕੱਟ ਸਕਣ।

ਬ੍ਰਿਟੇਨ ਦੇ ਮੌਸਮ ਵਿਭਾਗ ਨੇ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਅਗਸਤ 2004 ਵਿਚ ਕੇਂਟ ਦੇ ਫੇਵਰਸ਼ੈਮ ਵਿਚ ਦਰਜ ਕੀਤਾ ਗਿਆ 38.5 ਡਿਗਰੀ ਸੈਲਸੀਅਸ ਦਾ ਰਿਕਾਰਡ ਤਾਪਮਾਨ ਵੀਰਵਾਰ ਨੂੰ ਟੁੱਟ ਜਾਵੇਗਾ। ਬੁੱਧਵਾਰ ਨੂੰ ਬੈਲਜੀਅਮ, ਜਰਮਨੀ ਅਤੇ ਨੀਦਰਲੈਂਡ ਵਿਚ ਉੱਚ ਤਾਪਮਾਨ ਦਰਜ ਕੀਤੇ ਗਏ। ਵੀਰਵਾਰ ਨੂੰ ਯੂਰਪ ਵਿਚ ਗਰਮ ਹਵਾਵਾਂ ਸਿਖਰ 'ਤੇ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਸੀ। ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਇਹ ਦੂਜੀ ਵਾਰ ਹੈ ਜਦੋਂ ਤਾਪਮਾਨ ਸਿਖਰ 'ਤੇ ਪਹੁੰਚਿਆ ਹੈ ਅਤੇ ਇਹ ਜਲਵਾਯੂ ਤਬਦੀਲੀ 'ਤੇ ਨਵੇਂ ਸਿਰੇ ਤੋਂ ਧਿਆਨ ਦੇਣ ਦੀ ਪ੍ਰੇਰਣਾ ਦੇ ਰਿਹਾ ਹੈ। ਭਾਵੇਂਕਿ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਕਿ ਸ਼ੁੱਕਰਵਾਰ ਨੂੰ ਮੀਂਹ ਨਾਲ ਤਾਪਮਾਨ ਵਿਚ ਗਿਰਾਵਟ ਆ ਸਕਦੀ ਹੈ ਅਤੇ ਠੰਡਾ ਮੌਸਮ ਲੋਕਾਂ ਨੂੰ ਰਾਹਤ ਦੇ ਸਕਦਾ ਹੈ।

Sunny Mehra

This news is Content Editor Sunny Mehra