ਬ੍ਰਿਟੇਨ ''ਚ ਤੂਫਾਨ ''ਡੇਨਿਸ'' ਦੀ ਦਸਤਕ, ਹੜ੍ਹ ਦੀ ਚਿਤਾਵਨੀ ਜਾਰੀ

02/16/2020 5:28:22 PM

ਲੰਡਨ (ਬਿਊਰੋ): ਬ੍ਰਿਟੇਨ ਵਿਚ 'ਡੇਨਿਸ' ਤੂਫਾਨ ਦਸਤਕ ਦੇ ਚੁੱਕਾ ਹੈ। ਤੂਫਾਨ ਕਾਰਨ ਵੱਡੇ ਪੱਧਰ 'ਤੇ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਬਚਾਅ ਦਲ ਨੇ ਦੱਖਣ-ਪੂਰਬ ਇੰਗਲੈਂਡ ਦੇ ਸਮੁੰਦਰ ਤੱਟ ਤੋਂ 2 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਹੜ੍ਹ ਦੀ ਚਿਤਾਵਨੀ ਜਾਰੀ ਹੋਣ ਮਗਰੋਂ ਮਿਲਟਰੀ ਕਰਮੀ ਅਵਰੋਧਕ ਬਣਾਉਣ ਵਿਚ ਜੁਟੇ ਹਨ। ਬ੍ਰਿਟੇਨ ਦੇ ਮੌਸਮ ਵਿਗਿਆਨ ਨੇ ਸੀਜਨ ਦੇ ਇਸ ਚੌਥੇ ਤੂਫਾਨ ਨੂੰ 'ਡੇਨਿਸ' ਨਾਮ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤੂਫਾਨ ਪਿਛਲੇ ਹਫਤੇ ਆਏ 'ਸਿਯਾਰਾ' ਤੂਫਾਨ ਦੀ ਤੁਲਨਾ ਵਿਚ ਜ਼ਿਆਦਾ ਭਿਆਨਕ ਹੈ। ਪੁਲਸ ਨੇ ਦੱਸਿਆ ਕਿ ਲੱਗਭਗ 7 ਘੰਟੇ ਦੀ ਖੋਜ ਦੇ ਬਾਅਦ ਸ਼ਨੀਵਾਰ ਨੂੰ ਲਾਈਫਬੋਟ ਦੇ ਮਾਧਿਅਮ ਨਾਲ ਇਕ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।

ਏਜੰਸੀ ਦੀ ਰਿਪੋਰਟ ਦੇ ਮੁਤਾਬਕ ਲਾਸ਼ਾਂ ਦੀ ਖੋਜ ਵਿਚ ਰੋਇਲ ਨੇਵੀ ਦੀ ਵੀ ਮਦਦ ਲਈ ਗਈ। ਇਕ ਹੋਰ ਵਿਅਕਤੀ ਦੀ ਲਾਸ਼ ਦੁਪਹਿਰ ਬਾਅਦ ਕੱਢੀ ਗਈ। ਪੁਲਸ ਲਾਸ਼ਾਂ ਦੀ ਸ਼ਿਨਾਖਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਧਰ ਮੌਸਮ ਵਿਭਾਗ ਨੇ ਪੂਰੇ ਇੰਗਲੈਂਡ ਵਿਚ 68 ਥਾਵਾਂ 'ਤੇ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਜਦਕਿ ਸਕਾਟਲੈਂਡ ਵਿਚ 40 ਅਤੇ ਵੇਲਜ਼ ਵਿਚ 10 ਥਾਵਾਂ 'ਤੇ ਹੜ੍ਹ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ।ਮੌਸਮ ਵਿਗਿਆਨੀਆਂ ਨੇ ਇਸ ਨੂੰ ਖਤਰਨਾਕ ਉੱਤਰੀ ਅਟਲਾਂਟਿਕ ਤੂਫਾਨਾਂ ਵਿਚੋਂ ਇਕ ਦੱਸਿਆ ਹੈ। 

ਬ੍ਰਿਟੇਨ ਵਿਚ ਸ਼ਨੀਵਾਰ ਨੂੰ ਤੂਫਾਨ ਕਾਰਨ 234 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਸ਼ਨੀਵਾਰ ਸਵੇਰੇ ਕੁਝ ਖੇਤਰਾਂ ਵਿਚ 70 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲੀਆਂ ਅਤੇ 100 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਨੇ ਵੇਲਜ਼, ਪੇਨੀਨੇਸ ਅਤੇ ਯਾਰਕਸ਼ਾਇਰ ਵਿਚ 5.5 ਇੰਚ ਤੱਕ ਮੀਂਹ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਵਾਤਾਵਾਰਨ ਏਜੰਸੀ ਨੇ ਕਿਹਾ ਕਿ ਪਹਿਲਾਂ ਤੋਂ ਹੀ ਦਲਦਲੀ ਜ਼ਮੀਨ 'ਤੇ ਮੀਂਹ ਪੈਣ ਦੇ ਕਾਰਨ ਹੜ੍ਹ ਨਾਲ ਪਿਛਲੇ ਤੂਫਾਨ 'ਸਿਯਾਰਾ' ਤੋਂ ਵੀ ਬਦਤਰ ਹਾਲਾਤ ਹੋ ਸਕਦੇ ਹਨ।

Vandana

This news is Content Editor Vandana