ਬ੍ਰਿਟੇਨ : ਭਾਰਤੀ ਮੂਲ ਦੇ ਸ਼ਖਸ ਨੇ ਆਪਣੇ ਗੁਆਂਢੀ ''ਤੇ ਕੀਤਾ ਜਾਨਲੇਵਾ ਹਮਲਾ, ਹੋਈ ਜੇਲ

12/13/2019 4:29:41 PM

ਲੰਡਨ (ਬਿਊਰੋ): ਬ੍ਰਿਟੇਨ ਵਿਚ ਭਾਰਤੀ ਮੂਲ ਦੇ 53 ਸਾਲਾ ਵਿਅਕਤੀ ਨੇ ਆਪਣੇ ਗੁਆਂਢੀ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਸੀ। ਇਸ ਮਗਰੋਂ ਅਦਾਲਤ ਨੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਪੀੜਤ ਇਸ ਹਮਲੇ ਵਿਚ ਕਾਫੀ ਜ਼ਖਮੀ ਹੋ ਗਿਆ ਅਦਾਲਤ ਨੇ ਦੋਸ਼ੀ ਸੰਤੋਖ ਜੋਹਾਲ ਨੂੰ ਇਸੇ ਹਫਤੇ ਸਜ਼ਾ ਸੁਣਾਉਂਦੇ ਹੋਏ ਕਿਹਾ ਹੈ ਕਿ ਉਸ ਨੂੰ ਘੱਟੋ-ਘੱਟ 15 ਸਾਲ ਜੇਲ ਵਿਚ ਰਹਿਣਾ ਪਵੇਗਾ। ਉੱਤਰੀ-ਪੂਰਬੀ ਇਲਾਕੇ ਦੀ ਸੀ.ਆਈ.ਡੀ. ਦੀ ਮੈਟਰੋਪਾਲੀਟਨ ਜਾਂਚ ਪੁਲਸ ਅਧਿਕਾਰੀ ਜਾਸੂਸ ਜੈਮੀ ਹਾਡੇਨ ਨੇ ਕਿਹਾ,''ਇਹ ਹਮਲਾ ਭਿਆਨਕ ਸੀ ਅਤੇ ਪੀੜਤ ਗੰਭੀਰ ਜ਼ਖਮੀ ਹੈ ਜੋ ਉਸ ਦੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰੇਗਾ। ਭਾਵੇਂਕਿ ਉਸ ਦੇ ਕੁਝ ਜ਼ਖਮਾਂ ਨੂੰ ਕੋਈ ਨਹੀਂ ਭਰ ਸਕਦਾ। ਪੀੜਤ ਨੂੰ ਉਦੋਂ ਰਾਹਤ ਮਿਲੇਗੀ ਜਦੋਂ ਉਸ ਨੂੰ ਪਤਾ ਚੱਲੇਗਾ ਕਿ ਨਿਆਂ ਦਿੱਤਾ ਜਾ ਚੁੱਕਾ ਹੈ।''

ਇਸੇ ਸਾਲ 4 ਜਨਵਰੀ ਨੂੰ ਕਰੀਬ 30 ਸਾਲ ਦੇ ਪੀੜਤ ਸ਼ਖਸ ਨੇ ਪੁਲਸ ਨੂੰ ਫੋਨ ਕੀਤਾ ਸੀ। ਉਸ ਨੇ ਕਿਹਾ ਕਿ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਜੋਹਾਲ ਨੇ ਉਸ ਨੂੰ ਚਾਕੂ ਨਾਲ ਮਾਰਨ ਦੀ ਧਮਕੀ ਦਿੱਤੀ ਹੈ। ਪੀੜਤ ਨੇ ਪੁਲਸ ਨਾਲ ਫੋਨ 'ਤੇ ਗੱਲ ਕਰਦਿਆਂ ਆਪਣੇ ਘਰ ਦੀ ਖਿੜਕੀ ਖੋਲ੍ਹ ਲਈ, ਉਦੋਂ ਹੀ ਦੋਸ਼ੀ ਨੇ ਖਿੜਕੀ ਨਾਲ  ਉਸ 'ਤੇ ਹਮਲਾ ਕਰ ਦਿੱਤਾ। ਉਹ ਬੋਤਲ ਵਿਚ ਤੇਜ਼ਾਬ ਜਿਹਾ ਪਦਾਰਥ ਲਿਆਇਆ ਸੀ ਜੋ ਦੋਸ਼ੀ ਨੇ ਉਸ ਉੱਪਰ ਸੁੱਟ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਪੀੜਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੇ ਸਰੀਰ ਦੇ 20 ਫੀਸਦੀ ਹਿੱਸੇ 'ਤੇ ਸਕਿਨ ਗ੍ਰਾਫਟ ਸਰਜਰੀ ਕੀਤੀ ਗਈ। ਉਸ ਨੂੰ ਕਰੀਬ ਇਕ ਮਹੀਨੇ ਤੱਕ ਇਲਾਜ ਲਈ ਬਾਰ-ਬਾਰ ਹਸਪਤਾਲ ਦੇ ਚੱਕਰ ਲਗਾਉਣੇ ਪਏ। ਉਸ ਦਾ ਇਲਾਜ ਕਿੰਨੇ ਸਮੇਂ ਤੱਕ ਚੱਲੇਗਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਸ ਦਾ ਸਰੀਰ ਕਾਫੀ ਝੁਲਸ ਗਿਆ ਸੀ।

ਪੀੜਤ ਨੇ ਅਦਾਲਤ ਨੂੰ ਬਿਆਨ ਵਿਚ ਕਿਹਾ,''ਇਸ ਘਟਨਾ ਦੇ ਬਾਅਦ ਤੋਂ ਮੈਂ ਸੋਚ ਨਹੀਂ ਪਾ ਰਿਹਾ ਹਾਂ, ਮੈਂ ਉਸ ਸ਼ਖਸ ਨੂੰ ਸੁਪਨੇ ਵਿਚ ਦੇਖ ਰਿਹਾ ਹਾਂ, ਜੋ ਮੈਨੂੰ ਖਤਮ ਕਰਨਾ ਚਾਹੁੰਦਾ ਹੈ। ਮੈਂ ਜਦੋਂ ਕਿਸੇ ਹੋਰ ਵੱਲ ਦੇਖਦਾ ਹਾਂ ਤਾਂ ਉਹ ਮੈਨੂੰ ਬਿਲਕੁੱਲ ਜੋਹਾਲ ਵਰਗਾ ਦਿੱਸਦਾ ਹੈ। ਮੈਂ ਡਰ ਜਾਂਦਾ ਹਾਂ। ਮੈਨੂੰ ਪਤਾ ਹੈ ਕਿ ਉਹ ਹਿਰਾਸਤ ਵਿਚ ਹੈ ਫਿਰ ਵੀ ਮੈਂ ਡਰਿਆ ਹੋਇਆ ਹਾਂ। ਇਹ ਜ਼ਖਮ ਪੂਰੀ ਜ਼ਿੰਦਗੀ ਮੇਰੇ ਨਾਲ ਰਹੇਗਾ।'' ਪੁਲਸ ਨੇ ਕਿਹਾ ਕਿ ਜੋਹਾਲ ਘਟਨਾ ਵਾਲੇ ਦਿਨ ਹੀ ਗ੍ਰਿਫਤਾਰ ਹੋ ਗਿਆ ਸੀ। ਪੁਲਸ ਮੁਤਾਬਕ ਜੋਹਾਲ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਦਾ ਆਪਣੇ ਗੁਆਂਢੀ ਨਾਲ ਕਿਸੇ ਗੱਲ 'ਤੇ ਝਗੜਾ ਹੋ ਗਿਆ ਸੀ।

Vandana

This news is Content Editor Vandana