ਬ੍ਰਿਟੇਨ : ਪੰਜਾਬੀ ਸਿਆਸਤਦਾਨਾਂ ਨੇ ਫਿਰ ਕੀਤੀ ਖੂਨੀ ਸਾਕੇ ਲਈ ਮੁਆਫੀ ਦੀ ਮੰਗ

09/12/2019 3:52:01 PM

ਲੰਡਨ (ਏਜੰਸੀ)— ਕੈਂਟਬਰੀ ਦੇ ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਨੇ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ ਦੀ ਖੂਨੀ ਸਾਕੇ ਦੀ ਨਿੰਦਾ ਕਰਦਿਆਂ ਉਕਤ ਘਟਨਾ ਦੀ ਮੁਆਫੀ ਮੰਗੀ। ਜਸਟਿਨ ਪੋਰਟਲ ਵੈਲਬੇ ਦੇ ਬਿਆਨ ਦਾ ਬਰਤਾਨਵੀ ਪੰਜਾਬੀ ਸਿਆਸਤਦਾਨਾਂ ਨੇ ਸਵਾਗਤ ਕੀਤਾ ਹੈ। ਐੱਮ.ਪੀ. ਵਰਿੰਦਰ ਸ਼ਰਮਾ ਜਿੰਨ੍ਹਾਂ ਵੱਲੋਂ ਇਸ ਮਾਮਲੇ ਦੀ ਮੁੱਖ ਤੌਰ 'ਤੇ ਸੰਸਦ ਵਿਚ ਅਗਵਾਈ ਕੀਤੀ ਜਾ ਰਹੀ ਹੈ ਨੇ ਕਿਹਾ ਕਿ ਆਰਕ ਬਿਸ਼ਪ ਵੱਲੋਂ ਜਿਹੜੇ ਸ਼ਬਦ ਕਹੇ ਗਏ ਉਹ ਮਨੁੱਖਤਾ ਲਈ ਵੱਡਾ ਮਹੱਤਵ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਹੁਣ ਬਰਤਾਨੀਆ ਸਰਕਾਰ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਮੁਆਫੀ ਮੰਗੇ। 

ਉਨ੍ਹਾਂ ਨੇ ਇਹ ਮੰਗ ਵੀ ਕੀਤੀ ਕਿ ਜਲਿਆਂਵਾਲਾ ਬਾਗ ਅਤੇ ਬ੍ਰਿਟਿਸ਼ ਸਾਮਰਾਜ ਮੌਕੇ ਦੇ ਪੀੜਤਾਂ ਦੀ ਯਾਦ ਵਿਚ ਲੰਡਨ ਵਿਚ ਯਾਦਗਾਰ ਉਸਾਰੀ ਜਾਵੇ ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਇਸ ਤੋਂ ਸਬਕ ਸਿੱਖਣ ਅਤੇ ਮੁੜ ਅਜਿਹੀ ਘਟਨਾ ਨਾ ਵਾਪਰੇ। ਐੱਮ.ਪੀ. ਪ੍ਰੀਤ ਕੌਰ ਗਿੱਲ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੇ ਕਤਲੇਆਮ ਦੀ ਨਿਖੇਧੀ ਕਰਨੀ ਕਾਫੀ ਨਹੀਂ ਹੈ। ਯੂ.ਕੇ. ਸਰਕਾਰ ਨੂੰ ਪੂਰੀ ਜ਼ਿੰਮੇਵਾਰੀ ਨਾਲ ਮੁਆਫੀ ਮੰਗਣੀ ਪਵੇਗੀ। 

ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਵੀ ਇਸ ਘਟਨਾ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਯੂ.ਕੇ. ਸਰਕਾਰ ਨੂੰ ਹੁਣ ਤੱਕ ਹੋਰ ਦੇਰ ਨਹੀਂ ਕਰਨੀ ਚਾਹੀਦੀ ਅਤੇ ਮੁਆਫੀ ਮੰਗ ਕੇ 100 ਸਾਲ ਪੁਰਾਣੇ ਜ਼ਖਮਾਂ 'ਤੇ ਮਲਹਮ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

Vandana

This news is Content Editor Vandana