ਬਰਤਾਨੀਆ ਦਾ ਜਨਜੀਵਨ ਤੇ ਕੋਰੋਨਾਵਾਇਰਸ ''ਤੇ ਇਕ ਨਜ਼ਰ

03/27/2020 4:13:53 PM

ਲੰਡਨ (ਰਾਜਵੀਰ ਸਮਰਾ): ਪੂਰਾ ਵਿਸ਼ਵ ਇਸ ਵੇਲੇ ਮੌਤ ਰੂਪੀ ਕੋਰੋਨਾ ਦੇ ਕੀਟਾਣੂ ਨਾਲ ਇਸ ਭਾਵਨਾ ਤਹਿਤ ਜੰਗ ਲੜ ਰਿਹਾ ਹੈ ਕਿ ਮਾਲੀ ਘਾਟਾ ਤਾਂ ਦੇਰ ਸਵੇਰ ਪੂਰਾ ਕਰ ਲਿਆ ਜਾਵੇਗਾ ਪਰ ਜਾਨੀ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕੇਗਾ। ਇਸ ਕਰਕੇ ਦੁਨੀਆ ਵਿੱਚ ਇਸ ਕੀਟਾਣੂ ਤੋਂ ਪ੍ਰਭਾਵਿਤ ਮੁਲਕਾਂ ਵਿਚ ਲੋਕਾਂ ਨੂੰ ਕਿਧਰੇ ਲੌਕ ਡਾਊਨ ਤੇ ਕਿਧਰੇ ਕਰਫਿਊ ਲਗਾ ਕੇ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਜਾ ਰਿਹਾ ਹੈ ਪਰ ਇਸ ਸੰਬੰਧੀ ਹਰ ਮੁਲਕ ਦਾ ਢੰਗ ਆਪੋ ਆਪਣਾ ਹੈ। ਜੇਕਰ ਬਰਤਾਨੀਆ ਦੀ ਗੱਲ ਕਰੀਏ ਤਾਂ ਇੱਥੇ ਵੀ ਪੂਰੀ ਤਰਾਂ ਲੌਕ ਡਾਊਨ ਹੈ, ਕਾਰੋਬਾਰੀ ਅਦਾਰੇ, ਫ਼ੈਕਟਰੀਆਂ ਤੇ ਸਰਕਾਰੀ/ਗ਼ੈਰ ਸਰਕਾਰੀ ਸਭ ਦਫਤਰ ਬੰਦ ਹਨ। ਜਨਤਕ ਸਥਾਨਾਂ ਉੱਤੇ ਭੀੜ ਦੇ ਜਮਾਂ ਹੋਣ ‘ਤੇ ਸਖ਼ਤ ਪਾਬੰਦੀ ਹੈ। ਬਹੁਤ ਸਾਰੇ, ਵੱਡੇ ਸਟੋਰ/ ਰੈਸਟੋਰੈਂਟ ਆਦਿ ਬੰਦ ਹਨ ਜਦਕਿ ਗਰੋਸਰੀ ਵਾਲੇ ਸਟੋਰਾਂ ਦੇ ਖੁ੍ੱਲ੍ਹਣ ਤੇ ਬੰਦ ਹੋਣ ਦਾ ਸਮਾਂ ਨਿਸਚਤ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਸੀਨੀਅਰ ਸਿਟੀਜਨਜ਼, ਅਪਾਹਜਾਂ ਅਤੇ ਸਿਹਤ ਪੱਖੋਂ ਕਿਸੇ ਬੀਮਾਰੀ ਨਾਲ ਪੀੜਤ ਲੋਕਾਂ ਲਈ ਸਟੋਰਾਂ ਤੋਂ ਸੌਦਾ ਖਰੀਦਣ ਲਈ ਖ਼ਾਸ ਸਮਾਂ ਨਿਰਧਾਰਤ ਕੀਤਾ ਗਿਆ ਹੈ ਤਾਂ ਕਿ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਖ਼ਰੀਦਦਾਰੀ ਕਰ ਸਕਣ।ਭੀੜ ਨੂੰ ਨਿਯਮਿਤ ਕਰਨ ਲਈ ਸਟੋਰਾਂ ਅੱਗੇ ਲਾਈਨਾਂ ਦੀ ਵਿਵਸਥਾ ਕੀਤੀ ਗਈ ਹੈ ਤੇ ਲ਼ਾਈਨ ਵਿਚ ਹਰ ਕੋਈ ਇਕ ਦੂਸਰੇ ਤੋਂ ਦੋ ਮੀਟਰ ਦੀ ਦੂਰੀ ‘ਤੇ ਹੀ ਖੜ੍ਹਾ ਹੋ ਸਕਦਾ ਹੈ। ਇਸ ਦੇ ਨਾਲ ਹੀ ਉਨੇ ਕੁ ਗਾਹਕ ਹੀ ਸਟੋਰ ਦੇ ਅੰਦਰ ਜਾਣ ਦਿੱਤੇ ਜਾਂਦੇ ਹਨ ਜਿੰਨੇ ਕੁ ਖ਼ਰੀਦਦਾਰੀ ਕਰਕੇ ਬਾਹਰ ਆ ਜਾਂਦੇ ਹਨ।

ਸਰਕਾਰ ਵੱਲੋਂ ਕੰਪਨੀਆਂ ਵਿੱਚ ਪੱਕੇ ਤੌਰ ‘ਤੇ ਕੰਮ ਕਰਨ ਵਾਲੇ ਕਾਮਿਆਂ ਦੀਆ ਕੁਲ ਤਨਖਾਹਾਂ ਦੇ ਅੱਸੀ ਫੀਸਦੀ ਦਾ ਭੁਗਤਾਨ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੀਆ ਨੌਕਰੀਆਂ ਨੂੰ ਭਵਿੱਖ ਵਿੱਚ ਸੁਰੱਖਿਅਤ ਰੱਖੇ ਜਾਣ ਸੰਬੰਧੀ Furlough ਨਿਯਮ ਵੀ ਬਣਾਇਆਂ ਗਿਆ ਹੈ। ਜਿੱਥੋਂ ਤੱਕ ਸਵੈ ਰੋਜ਼ਗਾਰ ਕਾਮਿਆਂ ਦੀ ਗੱਲ ਹੈ, ਉਹਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਸ਼ੋਸ਼ਲ ਸਿਕਓਰਟੀ ਵਿਭਾਗ ਵੱਲੋਂ ਉਹਨਾਂ ਨੂੰ ਵੱਖ-ਵੱਖ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ। ਕੋਰੋਨਾ ਕੀਟਾਣੂ ਤੋਂ ਕਿਵੇਂ ਆਪਣਾ ਤੇ ਦੂਸਰਿਆਂ ਦਾ ਬਚਾਅ ਕਰਨਾ ਹੈ, ਇਸ ਸੰਬੰਧੀ ਮੀਡੀਆ ਵੀ ਆਪਣੀ ਬਣਦੀ ਭੂਮਿਕਾ ਨਿਭਾ ਰਿਹਾ ਹੈ ਤੇ ਸਰਕਾਰ ਵੀ ।

ਇਸ ਔਖੀ ਘੜੀ ਵਿਚ ਬਿਨਾਂ ਸ਼ੱਕ ਬਰਤਾਨੀਆ ਦੇ ਵੱਡੇ ਸਟੋਰਾਂ ਵੱਲੋਂ ਕੀਮਤਾਂ ਦਾ ਵਾਧਾ ਕਰਕੇ ਗਾਹਕਾਂ ਦੀ ਕੋਈ ਲੁੱਟ ਖਸੁੱਟ ਨਾ ਹੀ ਪਹਿਲਾਂ ਕੀਤੀ ਗਈ ਹੈ ਤੇ ਨਾ ਹੀ ਹੁਣ ਕੀਤੀ ਜਾ ਰਹੀ ਹੈ ਪਰ ਕੁੱਝ ਛੋਟੇ ਮੋਟੇ ਦੁਕਾਨਦਾਰਾਂ ਨੇ ਮੌਕੇ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹੋਏ ਇਹ ਗੋਰਖ ਧੰਦਾ ਜਰੂਰ ਸ਼ੁਰੂ ਕੀਤਾ ਸੀ, ਜਿਸ ਨੂੰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਲੋਂ ਭਾਰੀ ਜ਼ੁਰਮਾਨੇ ਠੋਕ ਕੇ ਤੇ ਉਹਨਾਂ ਦੇ ਲਾਇਸੰਸ ਰੱਦ ਕਰਕੇ ਸਖਤੀ ਨਾਲ ਕਾਬੂ ਕਰ ਲਿਆ ਗਿਆ। ਵੱਡੇ ਸਟੋਰਾਂ ਵਿਚ ਗਾਹਕਾਂ ਉਤੇ ਖਰੀਦਦਾਰੀ ਸੰਬੰਧੀ ਕੁੱਝ ਬੰਦਿਸ਼ਾਂ ਲਗਾਈਆਂ ਗਈਆਂ ਹਨ ਤਾਂ ਕਿ ਜਮਾਂਖੋਰੀ ਨੂੰ ਲਗਾਮ ਲਗਾਈ ਜਾ ਸਕੇ। ਇਸ ਦੇ ਨਾਲ ਹੀ ਵਾਰ-ਵਾਰ ਅਨਾਊਂਸਮੈਂਟਾਂ ਵੀ ਕੀਤੀਆਂ ਜਾ ਰਹੀਆਂ ਹਨ ਕਿ ਗਾਹਕ ਕਿਸੇ ਗੱਲੋਂ ਬਿਨਾਂ ਘਬਰਾਹਟ ਲੋੜ ਮੁਤਾਬਿਕ ਚੀਜਾਂ-ਵਸਤਾਂ ਖਰੀਦਣ ਤੇ ਸਟੋਰ ਵਲੋ ਇਸ ਸੰਬੰਧੀ ਕਿਲੇ ਤਰ੍ਹਾਂ ਦੀ ਕੋਈ ਵੀ ਥੁੜ ਜਾਂ ਕਮੀ ਨਹੀ ਆਉਣ ਦਿੱਤੀ ਜਾਵੇਗੀ ।

ਮੁਲਕ ਵਿਚ ਪੁਲਿਸ ਦੀ ਭੂਮਿਕਾ ਬਹੁਤ ਹੀ ਸਕਾਰਾਤਮਕ ਤੇ ਸਲਾਹੁਣ ਯੋਗ ਹੈ। ਹਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਕਿਸੇ ਸ਼ਹਿਰੀ ਤੋ ਕੋਈ ਪੁੱਛਗਿੱਛ ਕਰਦੇ ਸਮੇ ਬਹੁਤ ਹੀ ਅਦਬ ਸਤਿਕਾਰ ਤੇ ਤਹਿਜੀਬ ਦਾ ਮੁਜਾਹਰਾ ਕਰਦਾ ਹੋਇਆ ਪੇਸ਼ ਆਉਂਦਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਹਰ ਸੰਭਵ ਮੱਦਦ ਕਰਕੇ ਨਿੱਜੀ ਖ਼ੁਸ਼ੀ ਮਹਿਸੂਸ ਕਰਦਾ ਹੈ।ਇਸੇ ਤਰ੍ਹਾਂ ਸਿਹਤ ਵਿਭਾਗ ਤੇ ਸਿਵਿਲ ਦੇ ਹੋਰ ਮਹਕਮਿਆਂ ਦਾ ਅਮਲਾ ਫੈਲਾ ਵੀ ਬਹੁਤ ਸਦਭਾਵਨਾ ਨਾਲ ਤੇ ਸੋਹਣੇ ਵਿਵਹਾਰ ਨਾਲ ਆਪਣੀਆਂ ਸੇਵਾਵਾਂ ਪੇਸ਼ ਕਰ ਰਹੇ ਹਨ।ਕਈ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਨੇ ਇਸ ਔਖੀ ਘੜੀ ਵਿਚ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਮੁਫਤ ਸਹੂਲਤਾਂ ਦੀ ਵਿਵਸਥਾ ਵੀ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਵਧੀਆ ਮਿਸਾਲ ਬਿ੍ਟਿਸ਼ ਪੈਟਰੋਲੀਅਮ ਕੰਪਨੀ ਕਹੀ ਜਾ ਸਕਦੀ ਹੈ, ਜਿਸ ਨੇ ਹਰ ਉਸ ਸ਼ਹਿਰੀ ਲਈ ਜੋ ਕੋਰੋਨਾ ਦੀ ਬੀਮਾਰੀ ਨਾਲ ਪੀੜਤ ਹੋਵੇ ਜਾਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੋਵੇ, ਉਸ ਦੀ ਕਾਰ ਮੋਟਰ ਜਾਂ ਉਸ ਨੂੰ ਸੰਕਟਕਾਲੀ ਸੇਵਾਵਾਂ ਮੁਹੱਈਆ ਕਰਨ ਵਾਲੇ ਦੇ ਵਾਹਨ ਲਈ ਮੁਫਤ ਪੈਟਰੋਲ ਤੇ ਡੀਜਲ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਡਾਕਟਰ ਆਪਣੇ ਮਰੀਜ਼ਾਂ ਦਾ ਫੋਨ ਕਰਕੇ ਹਾਲ ਚਾਲ ਪੁੱਛ ਰਹੇ ਹਨ ਤੇ ਉਹਨਾਂ ਦੇ ਘਰ ਦਵਾਈਆਂ ਤੱਕ ਪਹੁੰਚਾਉਣ ਦਾ ਇੰਤਜਾਮ ਕਰ ਰਹੇ ਹਨ ।

ਬਰਤਾਨੀਆ ਦੀ ਸਰਕਾਰ ਨੂੰ ਆਪਣੇ ਹਰ ਸ਼ਹਿਰੀ ਦੀ ਜਾਨ ਦੀ ਫਿਕਰ ਹੈ । ਇਸ ਕਰਕੇ ਸਰਕਾਰ ਦਿਨ ਰਾਤ ਇਕ ਕਰਕੇ ਲੋਕਾਂ ਨੂੰ ਇਸ ਬੇਹੱਦ ਔਖੀ ਘੜੀ ਵਿਚ ਹਰ ਸੰਭਵ ਸਹੂਲਤ ਪ੍ਰਦਾਨ ਕਰ ਰਹੀ ਹੈ । ਹਰ ਪਾਸੇ ਸਾਫ ਸਫਾਈ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ, ਜਨਤਕ ਸਥਾਨਾਂ ਦੀ ਸੈਨੇਟਾਈਜੇਸ਼ਨ ਕੀਤੀ ਜਾ ਰਹੀ ਹੈ।ਬਰਤਾਨੀਆ ਦੇ ਲੋਕ ਵੀ ਬੜੇ ਸਮਝਦਾਰ ਹਨ। ਉਹ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਬੜੀ ਸਖਤੀ ਨਾਲ ਕਰ ਰਹੇ ਹਨ । ਆਪ ਰੋਗ ਮੁਕਤ ਰਹਿਣ ਤੇ ਦੂਸਰਿਆਂ ਨੂੰ ਰੋਗ ਮੁਕਤ ਰੱਖਣ ਦੀ ਮਹੱਤਤਾ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਇਹੀ ਕਾਰਨ ਹੈ ਕਿ ਪੂਰੇ ਬਰਤਾਨੀਆ ਵਿਚ ਹੁਣ ਹੱਥ ਮਿਲਾਉਣ ਦੀ ਬਜਾਏ ਮੋਢਾ ਤੇ ਪੈਰ ਮਿਲਾਉਣ ਦੀ ਪਿਰਤ ਪੈਂਦੀ ਜਾ ਰਹੀ ਹੈ । ਆਸ ਹੀ ਨਹੀ ਬਲਕਿ ਵਿਸ਼ਵਾਸ਼ ਵੀ ਹੈ ਕਿ ਜਿਸ ਦ੍ਰਿੜ੍ਹ ਨਿਸਚੇ ਤੇ ਸੰਜੀਦਗੀ ਨਾਲ ਬਰਤਾਨੀਆ ਦੀ ਸਰਕਾਰ ਤੇ ਲੋਕ ਕੋਰੋਨਾਵਾਇਰਸ ਨਾਲ ਸਾਂਝੇ ਤੌਰ 'ਤੇ ਜੰਗ ਲੜ ਰਹੇ ਹਨ, ਮੁਲਕ ਜਲਦੀ ਹੀ ਇਸ ਬੀਮਾਰੀ ਉਤੇ ਕਾਬੂ ਹੀ ਨਹੀ ਬਲਕਿ ਪੂਰੀ ਤਰਾਂ ਫਤਿਹ ਪਾ ਲਵੇਗਾ ਤੇ ਇਥੋ ਦਾ ਮਨੁੱਖੀ ਜੀਵਨ ਵਾਪਸ ਪਹਿਲਾਂ ਦੀ ਤਰ੍ਹਾਂ ਰਵਾਂ ਰਵੀਂ ਅੱਗੇ ਵੱਧਣਾ ਸ਼ੁਰੂ ਹੋ ਜਾਵੇਗਾ ।


Vandana

Content Editor

Related News