ਬ੍ਰਿਟੇਨ ''ਚ 65000 ਸੇਵਾਮੁਕਤ ਡਾਕਟਰਾਂ ਤੇ ਨਰਸਾਂ ਨੂੰ ਸੇਵਾ ਕਾਰਜਾਂ ''ਚ ਪਰਤਣ ਦਾ ਸੱਦਾ

03/20/2020 5:07:42 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਸਮੁੱਚੇ ਵਿਸ਼ਵ ਵਿੱਚ ਕੋਰੋਨਾਵਾਇਰਸ ਪੀੜਤਾਂ ਦਾ ਅੰਕੜਾ ਢਾਈ ਲੱਖ ਤੋਂ ਟੱਪਣ ਕਿਨਾਰੇ ਹੈ ਜਦਕਿ ਮੌਤਾਂ ਦੀ ਗਿਣਤੀ 10 ਹਜਾਰ ਤੋਂ ਵੱਧ ਚੁੱਕੀ ਹੈ। 88 ਹਜਾਰ ਤੋਂ ਵਧੇਰੇ ਲੋਕ ਤੰਦਰੁਸਤ ਹੋ ਚੁੱਕੇ ਹਨ। ਸ਼ੁੱਕਰਵਾਰ ਦੁਪਹਿਰ ਤੱਕ ਬਰਤਾਨੀਆ ਵਿੱਚ ਮੌਤਾਂ ਦੀ ਕੁੱਲ ਗਿਣਤੀ 144 ਤੱਕ ਪੁੱਜ ਗਈ ਸੀ, ਜਿਹਨਾਂ ਵਿੱਚੋਂ ਸਕਾਟਲੈਂਡ ਵਿੱਚ 6, ਉੱਤਰੀ ਆਇਰਲੈਂਡ ਵਿੱਚ 1 ਤੇ ਵੇਲਜ਼ ਵਿੱਚ 1 ਮੌਤ ਦਰਜ ਹੋਈ ਹੈ। 

ਬਰਤਾਨੀਆ ਭਰ ਵਿੱਚ ਸਕੂਲ ਬੰਦ ਹੋ ਚੁੱਕੇ ਹਨ। ਫਿਲਹਾਲ ਸਕੂਲਾਂ ਵਿੱਚ ਸਿਹਤ ਵਿਭਾਗ ਜਾਂ ਹੋਰ ਅਦਾਰਿਆਂ ਵਿੱਚ ਕੰਮ ਕਰਦੇ ਕਾਮਿਆਂ ਦੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇਗੀ ਤੇ ਬਾਕੀ ਬੱਚਿਆਂ ਨੂੰ ਘਰਾਂ ਵਿੱਚ ਰਹਿ ਕੇ ਇੰਟਰਨੈੱਟ ਰਾਹੀਂ ਪੜ੍ਹਾਈ ਕਰਦੇ ਰਹਿਣ ਲਈ ਕਿਹਾ ਗਿਆ ਹੈ। 1888 ਤੋਂ ਬਾਅਦ ਸਕਾਟਲੈਂਡ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਬੱਚਿਆਂ ਦੇ ਇਮਤਿਹਾਨ ਰੱਦ ਕਰਨੇ ਪਏ ਹਨ। ਪੱਬ, ਕਲੱਬ, ਰੈਸਟੋਂਰੈਂਟਾਂ ਦਾ ਕੰਮ ਇੱਕ ਤਰ੍ਹਾਂ ਝੰਜੋੜਿਆ ਗਿਆ ਹੈ। ਮੈਕਡਾਨਲਡ, ਕੇਐੱਫਸੀ ਸਮੇਤ ਹੋਰ ਰੈਸਟੋਰੈਂਟਾਂ ਨੇ ਅੰਦਰ ਬੈਠ ਕੇ ਖਾਣ ਨਾਲੋਂ ਭੋਜਨ ਖਰੀਦ ਕੇ ਲਿਜਾਣ ਜਾਂ ਡਲਿਵਰੀ ਰਾਹੀਂ ਮੰਗਵਾਉਣ ਦੇ ਬਦਲ ਅਪਨਾਉਣ ਦੀ ਸਲਾਹ ਦਿੱਤੀ ਹੈ। 

ਜਿੱਥੇ ਵੱਡੇ ਸੁਪਰਸਟੋਰਾਂ ਵੱਲੋਂ ਵਸਤਾਂ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਕੀਤਾ ਗਿਆ, ਉੱਥੇ ਏਸ਼ੀਅਨ ਮੂਲ ਦੇ ਜ਼ਿਆਦਾਤਰ ਕਾਰੋਬਾਰੀਆਂ ਵੱਲੋਂ ਮਨਚਾਹੀਆਂ ਕੀਮਤਾਂ ਵਸੂਲ ਕੇ ਲੋਕਾਂ ਦੀ ਔਖੇ ਦੌਰ ਵਿੱਚ ਖੂਬ ਛਿੱਲ ਲਾਹੀ ਜਾ ਰਹੀ ਹੈ। ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰ ਵੱਲੋਂ 65000 ਸੇਵਾ ਮੁਕਤ ਡਾਕਟਰਾਂ ਤੇ ਨਰਸਾਂ ਨੂੰ ਬੇਨਤੀ ਕਰਕੇ ਮੁੜ ਸਿਹਤ ਸੇਵਾ ਦੇ ਖੇਤਰ 'ਚ ਪਰਤਣ ਲਈ ਕਿਹਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ : ਹੈਰੀ ਅਤੇ ਮੇਗਨ ਲੋਕਾਂ ਦੀ ਮਦਦ ਲਈ ਆਏ ਅੱਗੇ

ਗਲਾਸਗੋ ਵਿਖੇ ਬੇਘਰੇ ਲੋਕਾਂ ਲਈ ਰਾਤ ਨੂੰ ਸੌਣ ਦਾ ਪ੍ਰਬੰਧ ਕਰਦੀ ਸੰਸਥਾ ਗਲਾਸਗੋ ਸਿਟੀ ਮਿਸ਼ਨ ਵੱਲੋਂ ਚਲਾਈ ਜਾਂਦੀ "ਸ਼ੈਲਟਰ" ਵੀ ਬੰਦ ਕਰ ਦਿੱਤੀ ਹੈ ਕਿਉਂਕਿ ਇੱਕ ਕਰਮਚਾਰੀ ਤੇ ਇੱਕ ਬੇਘਰੇ ਸੱਜਣ ਦੇ ਟੈਸਟ ਪੌਜੇਟਿਵ ਆਏ ਸਨ। ਬਰਤਾਨੀਆ ਭਰ ਵਿੱਚ ਲਗਭਗ 20000 ਸੈਨਿਕ ਗਲੀਆਂ, ਹਸਪਤਾਲਾਂ ਅਤੇ ਹੋਰ ਸੇਵਾ ਖੇਤਰਾਂ ਵਿੱਚ ਤਾਇਨਾਤ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਹਸਪਤਾਲਾਂ ਦੀ ਕਮੀ ਨੂੰ ਮੱਦੇਨਜ਼ਰ ਰੱਖਦਿਆਂ ਹੋਟਲਾਂ ਨੂੰ ਆਰਜ਼ੀ ਹਸਪਤਾਲਾਂ 'ਚ ਬਦਲਿਆ ਜਾ ਸਕਦਾ ਹੈ।

Vandana

This news is Content Editor Vandana