ਬ੍ਰਿਟੇਨ : ਵੀਜ਼ਾ ਤੇ ਇੰਮੀਗ੍ਰੇਸ਼ਨ ਨੀਤੀ ''ਚ ਹੋਵੇਗਾ ਬਦਲਾਅ, ਭਾਰਤ ਸਣੇ ਇਨ੍ਹਾਂ ਦੇਸ਼ਾਂ ਨੂੰ ਮਿਲੇਗ ਫਾਇਦਾ

02/09/2020 10:39:46 PM

ਲੰਡਨ (ਏਜੰਸੀ)- ਬ੍ਰਿਟੇਨ 'ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਚਾਲੂ ਹਫਤੇ 'ਚ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਵੀਜ਼ਾ ਅਤੇ ਇੰਮੀਗ੍ਰੇਸ਼ਨ ਨੀਤੀ ਵਿਚ ਬਦਲਾਅ ਨੂੰ ਅੰਤਿਮ ਰੂਪ ਦੇਣਗੇ। ਨਵੀਂ ਨੀਤੀ 'ਚ ਹੁਨਰਮੰਦ ਪੇਸ਼ੇਵਰਾਂ ਅਤੇ ਮਾਹਰਾਂ ਨੂੰ ਲੁਭਾਉਣ ਵਾਲੀਆਂ ਵਿਵਸਥਾਵਾਂ ਕੀਤੀਆਂ ਜਾਣਗੀਆਂ। ਇਸ ਦਾ ਸਿੱਧਾ ਫਾਇਦਾ ਭਾਰਤ ਸਣੇ ਜ਼ਿਆਦਾ ਆਬਾਦੀ ਵਾਲੇ ਦੇਸ਼ਾਂ ਨੂੰ ਮਿਲੇਗਾ।
ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਪ੍ਰਵਾਸੀ ਸਲਾਹਕਾਰ ਕਮੇਟੀ (ਐਮ.ਏ.ਸੀ.) ਦੀਆਂ ਸਿਫਾਰਸ਼ਾਂ ਨੂੰ ਮੰਨਦੇ ਹੋਏ ਪੇਸ਼ੇਵਰਾਂ ਦੀ ਘੱਟੋ-ਘੱਟ ਤਨਖਾਹ 25,600 ਪੌਂਡ ਤੋਂ 30,000 ਪੌਂਡ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣਗੇ। ਯੋਗਤਾ ਮੁਤਾਬਕ ਤਨਖਾਹ ਜ਼ਿਆਦਾ ਵੀ ਹੋ ਸਕਦੀ ਹੈ। ਇਨ੍ਹਾਂ ਪੇਸ਼ੇਵਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਲਾਜ਼ਮੀ ਹੋਵੇਗੀ।

ਮੰਨਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਪਟੇਲ ਨਵੀਂ ਨੀਤੀ ਦਾ ਐਲਾਨ ਸ਼ੁੱਕਰਵਾਰ ਨੂੰ ਕਰ ਦੇਵੇਗੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੰਤਰੀ ਮੰਡਲ ਵਿਸਤਾਰ ਦੀ ਸੰਭਾਵਨਾ ਹੈ। ਸਰਕਾਰੀ ਸੂਤਰ ਮੁਤਾਬਕ ਪ੍ਰਧਾਨ ਮੰਤਰੀ ਜਾਨਸਨ ਅਜਿਹਾ ਮਾਹੌਲ ਬਣਾਉਣਾ ਚਾਹੁੰਦੇ ਹਨ ਜਿਸ ਵਿਚ ਦੁਨੀਆ ਦੇ ਪੇਸ਼ੇਵਰਾਂ ਨੂੰ ਬ੍ਰਿਟੇਨ ਖੁੱਲ੍ਹਾ ਹੋਇਆ ਅਤੇ ਖਿੱਚ ਦਾ ਕੇਂਦਰ ਲੱਗੇ। ਇਸ ਨਾਲ ਬ੍ਰਿਟੇਨ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਮਿਲੇਗੀ।

ਸੂਤਰ ਨੇ ਕਿਹਾ ਕਿ ਸਾਨੂੰ ਹੁਣ ਘੱਟ ਤਨਖਾਹ ਵਾਲੇ ਕਾਮਿਆਂ ਨੂੰ ਵੀਜ਼ਾ ਦੇਣ ਦੀ ਨੀਤੀ ਨੂੰ ਬਦਲਣਾ ਹੋਵੇਗਾ। ਇਸ ਦਾ ਬ੍ਰਿਟੇਨ ਨੂੰ ਲੰਮੇ ਸਮੇਂ ਲਈ ਲਾਭ ਮਿਲੇਗਾ। ਇਸ ਸਿਲਸਿਲੇ ਵਿਚ ਆਸਟਰੇਲੀਆ ਵਾਂਗ ਬਿੰਦੂਵਾਰ ਜਾਣਕਾਰੀਆਂ 'ਤੇ ਅਧਾਰਿਤ ਪ੍ਰਵਾਸੀ ਨੀਤੀ ਕਾਮਯਾਬ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਬ੍ਰਿਟੇਨ ਇਸ ਨੀਤੀ ਨੂੰ ਇਕ ਜਨਵਰੀ 2021 ਤੋਂ ਲਾਗੂ ਕਰੇਗਾ। ਇਸ ਨੀਤੀ ਤਹਿਤ ਬ੍ਰਿਟੇਨ ਇਸ ਰਾਹੀਂ ਹਰ ਸਾਲ 90 ਹਜ਼ਾਰ ਅਯੋਗ ਕਾਮਿਆਂ ਦੀ ਗਿਣਤੀ ਘਟਾਏਗਾ ਜਦੋਂ ਕਿ ਹਰ ਸਾਲ 65 ਹਜ਼ਾਰ ਹੁਨਰਮੰਦ ਪੇਸ਼ੇਵਰਾਂ ਦੀ ਗਿਣਤੀ ਵਧਾਈ ਜਾਵੇਗੀ। ਇਸ ਸਮੇਂ ਬ੍ਰਿਟੇਨ 'ਚ ਗੈਰ ਯੂਰਪੀ ਦੇਸ਼ਾਂ ਤੋਂ ਆਉਣ ਵਾਲੇ ਹੁਨਰਮੰਦ ਪੇਸ਼ੇਵਰਾਂ 'ਚ ਭਾਰਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਬੀਤੇ ਸਾਲ ਟੀਅਰ-2 ਨੌਕਰੀਆਂ ਲਈ 56,241 ਭਾਰਤੀ ਪੇਸ਼ੇਵਰਾਂ ਨੂੰ ਵੀਜ਼ਾ ਦਿੱਤੇ ਗਏ।

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਵੱਖ ਹੋਣ ਵਾਲੇ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ (ਈ.ਯੂ.) ਨੇ ਮੱਛੀ ਦੇ ਕਾਰੋਬਾਰ ਨੂੰ ਲੈ ਕੇ ਸਖ਼ਤ ਸ਼ਰਤਾਂ ਰੱਖੀਆਂ ਹਨ। ਯੂਰਪੀਅਨ ਯੂਨੀਅਨ ਨੇ ਕਾਰੋਬਾਰ ਲਈ ਬਰਾਬਰ ਸਥਿਤੀਆਂ ਰਹਿਣ ਦੀ ਉਮੀਦ ਜਤਾਈ ਹੈ। ਬ੍ਰਿਟੇਨ ਦੇ ਨਾਲ ਸਬੰਧਾਂ ਲਈ ਮੁੱਖ ਵਾਰਤਾਕਾਰ ਮਿਸ਼ੇਲ ਬਰਨੀਅਰ ਨੇ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਦਾ ਗਲਤ ਤਰੀਕੇ ਨਾਲ ਵਪਾਰਕ ਮੁਕਾਬਲਾ ਬਰਦਾਸ਼ਤ ਨਹੀਂ ਕਰਾਂਗੇ।


Sunny Mehra

Content Editor

Related News