ਸਾਊਦੀ ਤੇਲ ਟਿਕਾਣਿਆਂ ''ਤੇ ਹਮਲੇ ਲਈ ਈਰਾਨ ਜ਼ਿੰਮੇਵਾਰ : ਜੌਨਸਨ

09/23/2019 2:02:23 PM

ਲੰਡਨ (ਭਾਸ਼ਾ)— ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਸਾਊਦੀ ਅਰਬ ਦੇ ਤੇਲ ਟਿਕਾਣਿਆਂ 'ਤੇ ਹਮਲੇ ਲਈ ਈਰਾਨ ਜ਼ਿੰਮੇਵਾਰ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਖਾੜੀ ਦੇਸ਼ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਅਮਰੀਕਾ ਦੀ ਅਗਵਾਈ ਵਾਲੇ ਫੌਜੀ ਯਤਨਾਂ ਵਿਚ ਸ਼ਾਮਲ ਹੋਣ 'ਤੇ ਵਿਚਾਰ ਕਰੇਗਾ। ਜੌਨਸਨ ਨੇ ਇਹ ਵੀ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਤੇਲ ਪਲਾਂਟਾਂ ਅਤੇ ਤੇਲ ਖੇਤਰ ਵਿਚ 14 ਸਤੰਬਰ ਨੂੰ ਹਮਲੇ ਦੇ ਬਾਅਦ ਸਿਖਰ 'ਤੇ ਪਹੁੰਚੇ ਪੱਛਮੀ ਏਸ਼ੀਆ ਤਣਾਅ ਨੂੰ ਘੱਟ ਕਰਨ ਲਈ ਵੀ ਬ੍ਰਿਟੇਨ ਸਹਿਯੋਗੀ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰੇਗਾ।

ਇਸ ਤੋਂ ਪਹਿਲਾਂ ਬ੍ਰਿਟੇਨ ਹਮਲੇ ਲਈ ਖੁੱਲ੍ਹ ਕੇ ਈਰਾਨ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਚ ਰਿਹਾ ਸੀ ਉੱਥੇ ਅਮਰੀਕਾ ਅਤੇ ਸਾਊਦੀ ਅਰਬ ਨੇ ਸਿੱਧੇ-ਸਿੱਧੇ  ਈਰਾਨ 'ਤੇ ਦੋਸ਼ ਲਗਾਏ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਨਿਊਯਾਰਕ ਜਾਣ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਬ੍ਰਿਟੇਨ ਦਾ ਮੰਨਣਾ ਹੈ ਕਿ ਡਰੋਨ ਅਤੇ ਕਰੂਜ਼ ਮਿਜ਼ਾਈਲ ਨਾਲ ਜੋ ਹਮਲੇ ਹੋਏ ਹਨ ਉਸ ਵਿਚ ਕਾਫੀ ਹੱਦ ਤੱਕ ਈਰਾਨ ਦਾ ਹੱਥ ਹੈ। ਜੌਨਸਨ ਨੇ ਕਿਹਾ,''ਅਸੀਂ ਆਪਣੇ ਅਮਰੀਕੀ ਅਤੇ ਯੂਰਪੀ ਦੋਸਤਾਂ ਨਾਲ ਮਿਲ ਕੇ ਖਾੜੀ ਖੇਤਰ ਵਿਚ ਤਣਾਅ ਘੱਟ ਕਰਨ ਲਈ ਕੰਮ ਕਰਾਂਗੇ।'' 

ਜੌਨਸਨ ਨੇ ਕਿਹਾ ਕਿ ਉਹ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਮੁਲਾਕਾਤ ਕਰਨਗੇ। ਇਸ ਦੇ ਇਲਾਵਾ ਉਨ੍ਹਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਵੀ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ।

Vandana

This news is Content Editor Vandana