'ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ' ਵਲੋਂ ਏਅਰਲਾਈਨਾਂ ਨਾਲ ਮੁਲਾਕਾਤ
02/01/2020 3:04:25 PM
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਪੰਜਾਬ ਖੇਤਰ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਸੰਪਰਕ ਨੂੰ ਵਧਾਉਣ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਕਨਵੀਨਰ ਦੀ ਅਗਵਾਈ 'ਚ ਵਫਦ ਨੇ ਬੀਤੇ ਦਿਨੀ ਸਟਾਰ ਏਅਰ ਇੰਡੀਆ, ਥਾਈ ਏਅਰਵੇਜ਼, ਥਾਈ ਸਮਾਈਲ ਅਤੇ ਏਅਰ ਏਸ਼ੀਆ ਦੇ ਅਧਿਕਾਰੀਆ ਨਾਲ ਦਿੱਲੀ ਅਤੇ ਬੰਗਲੋਰ ਵਿਖੇ
ਮੁਲਾਕਾਤ ਕੀਤੀ।
ਪ੍ਰੈਸ ਨੂੰ ਜਾਰੀ ਬਿਆਨ 'ਚ ਫਲਾਈ ਅੰਮ੍ਰਿਤਸਰ ਦੇ ਗਲੋਬਲ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਇਨ੍ਹਾਂ ਮੀਟਿੰਗਾਂ 'ਚ ਉਨ੍ਹਾਂ ਵਲੋਂ ਅਤੇ ਫਲਾਈ ਅੰਮ੍ਰਿਤਸਰ ਦੇ ਭਾਰਤ ਵਿਚ ਕਨਵੀਨਰ, ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਯਾਤਰੀਆਂ ਦੀ ਗਿਣਤੀ ਬਾਰੇ ਅਧਿਕਾਰੀਆਂ ਨੂੰ ਵਿਸਥਾਰਤ ਅੰਕੜੇ ਪੇਸ਼ ਕੀਤੇ।
ਅੰਮ੍ਰਿਤਸਰ ਨੂੰ ਸਿੱਧਾ ਥਾਈਲੈਂਡ ਦੇ ਸ਼ਹਿਰ ਬੈਂਕਾਕ ਨਾਲ ਜੋੜਣ ਲਈ ਇਹ ਆਗੂ ਦਿੱਲੀ ਵਿਖੇ ਥਾਈ ਏਅਰਵੇਜ਼ ਦੇ ਅਧਿਕਾਰੀਆਂ ਨੂੰ ਵੀ ਮਿਲੇ। ਥਾਈ ਏਅਰ ਕੰਪਨੀ ਬੈਂਕਾਕ ਤੋਂ ਅਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਕਈ ਸ਼ਹਿਰਾਂ ਮੈਲਬੋਰਨ, ਸਿਡਨੀ, ਬ੍ਰਿਸਬੇਨ, ਆਕਲੈਂਡ, ਕਰਾਈਸਚਰਚ ਆਦਿ ਲਈ ਸਿੱਧੀਆਂ ਉਡਾਣਾਂ ਚਲਾਉਂਦੀ ਹੈ, ਜਿੱਥੇ ਵੱਡੀ ਗਿਣਤੀ 'ਚ ਪੰਜਾਬੀ ਵੱਸਦੇ ਹਨ। ਉਨ੍ਹਾਂ ਏਅਰ ਏਸ਼ੀਆ ਐਕਸ, ਸਕੂਟ ਅਤੇ ਮਲੀਨਡੋ ਏਅਰ ਵਲੋਂ ਅੰਮ੍ਰਿਤਸਰ ਤੋਂ ਸਿੱਧੀਆਂ ਕੁਆਲਾਲੰਪੁਰ ਅਤੇ ਸਿੰਘਾਪੁਰ ਲਈ ਚਲਾਈਆਂ ਜਾ ਰਹੀਆਂ ਉਡਾਣਾਂ ਅਤੇ ਇਨ੍ਹਾਂ ਉਡਾਣਾਂ ਤੇ ਪੰਜਾਬੀ ਕਿਹੜੇ-ਕਿਹੜੇ ਵਿਦੇਸ਼ੀ ਹਵਾਈ ਅੱਡਿਆਂ ਤੋਂ ਆ ਰਹੇ ਹਨ ਬਾਰੇ ਅੰਕੜੇ ਸਾਂਝੇ ਕੀਤੇ।
ਬੈਂਕਾਕ ਦੁਨੀਆ ਦੇ ਵੱਡੇ ਟੂਰਿਸਟ ਅਤੇ ਵਪਾਰਕ ਸ਼ਹਿਰਾਂ 'ਚ ਸ਼ਾਮਲ ਹੈ। ਪੰਜਾਬ ਤੋਂ ਹਰ ਸਾਲ ਲੱਖਾਂ ਦੀ ਗਿਣਤੀ 'ਚ ਲੋਕ ਉੱਥੇ ਘੁੰਮਣ ਫਿਰਨ ਅਤੇ ਵਪਾਰ ਸੰਬੰਧੀ ਜਾਂਦੇ ਹਨ। ਇਸ ਸਿੱਧੀ ਉਡਾਣ ਨਾਲ ਨਾ ਸਿਰਫ ਪੰਜਾਬ ਤੋਂ ਵਪਾਰੀਆਂ ਨੂੰ ਲਾਭ ਮਿਲੇਗਾ ਬਲਕਿ ਅੰਮ੍ਰਿਤਸਰ ਜੋ ਕਿ ਇਕ ਵੱਡਾ ਟੂਰਿਸਟ ਸ਼ਹਿਰ ਹੈ, ਬੈਂਕਾਕ ਰਾਹੀਂ ਹੋਰਨਾਂ ਸ਼ਹਿਰਾਂ ਅਤੇ
ਮੁਲਕਾਂ ਨਾਲ ਜੁੜ ਜਾਵੇਗਾ।
ਗੁਮਟਾਲਾ ਅਤੇ ਕਾਮਰਾ ਨੇ ਬੰਗਲੋਰ ਵਿਖੇ ਵੀ ਏਅਰ ਏਸ਼ੀਆ ਦੇ ਦਫਤਰ ਵਿਖੇ ਅਧਿਕਾਰੀਆਂ ਨਾਲ ਏਅਰ ਏਸ਼ੀਆ ਐਕਸ ਦੀ ਅੰਮ੍ਰਿਤਸਰ ਤੋਂ ਸਿੱਧੀ ਕੁਆਲਾਲੰਪੁਰ ਲਈ ਚਲ ਰਹੀ ਉਡਾਣ ਸੰਬੰਧੀ ਅਤੇ ਏਅਰ ਏਸ਼ੀਆ ਨੂੰ ਅੰਮ੍ਰਿਤਸਰ ਤੋਂ ਬੈਂਕਾਕ, ਦਿੱਲ਼ੀ ਤੇ ਭਾਰਤ ਦੇ ਹੋਰਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸੰਬੰਧੀ ਗੱਲਬਾਤ ਕੀਤੀ।
ਉਨ੍ਹਾਂ ਨੇ ਏਅਰ ਏਸ਼ੀਆ ਦੀ ਅਗਸਤ 2018 ਤੋਂ ਚੱਲ ਰਹੀ ਇਸ ਉਡਾਣ ਲਈ ਏਅਰ ਏਸ਼ੀਆ ਦਾ ਧੰਨਵਾਦ ਕੀਤਾ। ਇਨ੍ਹਾਂ ਆਗੂਆਂ ਨੇ ਖੁਸ਼ੀ ਜਾਹਰ ਕੀਤੀ ਕਿ ਇਹ ਉਡਾਣ ਜੋ ਕਿ ਫਲਾਈ ਅੰਮ੍ਰਿਤਸਰ ਦੇ ਉਪਾਰਲੇ ਸਦਕਾ ਅਗਸਤ 2018 'ਚ ਸ਼ੁਰੂ ਹੋਈ, ਸਫਲਤਾ ਪੂਰਵਕ ਪੰਜਾਬੀਆਂ ਨੂੰ ਕੁਆਲਾਲੰਪੁਰ ਰਾਹੀਂ ਅਸਟ੍ਰੇਲੀਆ, ਮਲੇਸ਼ੀਆ, ਥਾਈਲੈਂਡ ਤੇ ਕਈ ਹੋਰਨਾਂ ਦੇਸ਼ਾਂ ਨਾਲ ਜੋੜ ਰਹੀ ਹੈ ਤੇ ਉਨ੍ਹਾਂ ਦਾ ਸਫਰ ਬਹੁਤ ਹੀ ਸੁਖਾਲਾ ਹੋ ਗਿਆ ਹੈ। ਫਲਾਈ ਅੰਮ੍ਰਿਤਸਰ ਦੇ ਆਗੂਆਂ ਨੂੰ ਉਮੀਦ ਹੈ ਕਿ 2020 'ਚ ਅੰਮ੍ਰਿਤਸਰ ਫਿਰ ਤੋਂ ਬੈਂਕਾਕ ਨਾਲ ਜੁੜ ਸਕੇਗਾ।
ਉਨ੍ਹਾਂਂ ਨੇ ਦਿੱਲੀ ਵਿਖੇ ਭਾਰਤ ਦੀ ਹਵਾਈ ਕੰਪਨੀ ਸਟਾਰ ਏਅਰ ਦੇ ਸੀ.ਈ.ਓ. ਸ. ਸਿਮਰਨ ਸਿੰਘ ਟਿਵਾਣਾ ਨਾਲ ਗੱਲਬਾਤ ਕੀਤੀ ਅਤੇ ਅੰਮ੍ਰਿਤਸਰ ਨੂੰ ਅਹਿਮਦਾਬਾਦ ਅਤੇ ਹੋਰਨਾ ਹਵਾਈ ਅੱਡਿਆਂ ਨਾਲ ਜੋੜਣ ਬਾਰੇ ਤੱਥ ਪੇਸ਼ ਕੀਤੇ। ਸਟਾਰ ਏਅਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਉਡਾਣ ਯੋਜਨਾ ਦੇ ਤਹਿਤ ਕਈ ਰੂਟਾਂ ਤੇ ਉਡਾਣਾਂ ਦੀ ਸ਼ੁਰੂਆਤ ਕਰ ਰਹੀ ਹੈ।
ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਫਲਾਈ ਅੰਮ੍ਰਿਤਸਰ ਦੇ ਨਾਲ ਪ੍ਰਸਿੱਧ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੈਅੰਤ ਸਿਨਹਾ ਨਾਲ ਅੰਮ੍ਰਿਤਸਰ ਨੂੰ ਉਡਾਣ-3”ਸਕੀਮ 'ਚ ਸ਼ਾਮਲ ਕਰਨ ਸੰਬੰਧੀ ਦਿੱਲੀ ਵਿਖੇ ਮੀਟਿੰਗ ਕੀਤੀ ਸੀ। ਇਸ ਉਪਰੰਤ ਸਪਾਈਸ ਜੈਟ ਵਲੋਂ ਅੰਮ੍ਰਿਤਸਰ ਤੋਂ ਜੈਪੁਰ ਅਤੇ ਇੰਡੀਗੋ ਵਲੋਂ ਸਿੱਧੀਆਂ ਕੋਲਕੱਤਾ ਲਈ ਚਲ ਰਹੀਆਂ ਉਡਾਣਾਂ ਵੀ 'ਉੜੇ ਦੇਸ਼ ਕਾ ਆਮ ਨਾਗਰਿਕ' ਸਕੀਮ ਤਹਿਤ ਹੀ ਸ਼ੁਰੂ ਕੀਤੀਆਂ ਗਈਆਂ ਹਨ।