ਬ੍ਰਿਸਬੇਨ 'ਚ ਜੰਗੀ ਸ਼ਹੀਦਾਂ ਦੀ ਯਾਦ 'ਚ ਸਮਾਗਮ ਆਯੋਜਿਤ

11/11/2018 10:08:17 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਇੱਥੇ ਆਸਟ੍ਰੇਲੀਅਨ ਆਫ਼ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ ਕਮੇਟੀ ਵੱਲੋਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਆਸਟ੍ਰੇਲੀਅਨ ਭਾਰਤੀ ਫੌਜੀਆਂ ਦੀ ਆਰ.ਐੱਸ.ਐੱਲ. ਕਲੱਬ ਸੰਨੀਬੈਂਕ ਵਿਖੇ ਉਸਾਰੀ ਗਈ ਯਾਦਗਾਰ ਨੂੰ ਸਮਰਪਿਤ ਬ੍ਰਿਸਬੇਨ ਦੇ ਸ਼ਹਿਰ ਏਟ ਮਾਈਲ ਪਲੇਨ ਵਿਖੇ ਫੰਡ ਰੇਜਿੰਗ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੀ ਅਰੰਭਤਾ ਆਸਟ੍ਰੇਲੀਆ, ਫੀਜੀ ਅਤੇ ਭਾਰਤ ਦੇ ਰਾਸ਼ਟਰੀ ਗਾਇਨਾਂ ਨਾਲ ਕੀਤੀ ਗਈ।

ਸਮਾਗਮ 'ਚ ਵੱਖ-ਵੱਖ ਬੁਲਿਰਆਂ ਜਿਨ੍ਹਾਂ 'ਚ ਸੰਸਦ ਮੈਂਬਰ, ਕੌਂਸਲਰ ਐਜਲਾ ਓਵਨ, ਪ੍ਰਣਾਮ ਸਿੰਘ ਹੇਅਰ, ਰਸ਼ਪਾਲ ਸਿੰਘ ਹੇਅਰ ਨੇ ਹਾਜ਼ਰੀਨ ਨੂੰ ਮੁਖ਼ਾਤਿਬ ਹੁੰਦਿਆਂ ਆਪਣੇ-ਆਪਣੇ ਸੰਬੋਧਨ 'ਚ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਵਿਚ 13 ਲੱਖ ਭਾਰਤੀ ਫੌਜੀਆਂ ਨੇ ਭਾਗ ਲਿਆ, ਜਿਨ੍ਹਾਂ 'ਚੋਂ 74 ਹਜ਼ਾਰ ਦੇ ਕਰੀਬ ਨੇ ਸ਼ਹੀਦੀ ਦਾ ਜਾਮ ਪੀਤਾ। ਦੂਜੇ ਵਿਸ਼ਵ ਯੁੱਧ ਵਿਚ 25 ਲੱਖ ਦੇ ਕਰੀਬ ਫੌਜੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ 'ਚੋਂ 87000 ਦੇ ਲੱਗਭਗ ਵੀਰਗਤੀ ਨੂੰ ਪ੍ਰਾਪਤ ਹੋਏ ਸਨ ਅਤੇ ਇਸੇ ਤਰ੍ਹਾਂ ਗਾਲੀਪੋਲੀ ਦੀ ਲੜਾਈ ਵਿਚ 15000 'ਚੋਂ 1500 ਭਾਰਤੀ ਫੌਜੀ ਸ਼ਹੀਦ ਹੋਏ ਸਨ। ਉਨ੍ਹਾਂ ਸਿੱਖ ਫੌਜੀਆਂ ਵੱਲੋਂ ਪਾਏ ਗਏ ਯੋਗਦਾਨ ਦੀ ਵੀ ਭਰਪੂਰ ਪ੍ਰਸੰਸ਼ਾ ਕੀਤੀ।

ਹਿਊ ਪੋਲਸਨ ਪ੍ਰਧਾਨ ਆਰ.ਐੱਸ.ਐੱਲ. ਕਲੱਬ ਨੇ ਕਿਹਾ ਕਿ ਜੰਗੀ ਯਾਦਗਾਰ ਦੀ ਸਥਾਪਨਾ ਭਾਰਤੀ ਭਾਈਚਾਰੇ ਲਈ ਬਹੁਤ ਹੀ ਵੱਡੀ ਪ੍ਰਾਪਤੀ ਹੈ ਤੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਮਹਾਨ ਯੋਧਿਆਂ ਨੂੰ ਇਕ ਸੱਚੀ ਸ਼ਰਧਾਂਜਲੀ ਹੋਵੇਗੀ ਜੋ ਕਿ ਸਾਡੀ ਅਜੋਕੀ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਣ ਤੇ ਮਾਰਗਦਰਸ਼ਕ ਦਾ ਕਾਰਜ ਕਰੇਗੀ। ਪ੍ਰਣਾਮ ਸਿੰਘ ਹੇਅਰ ਤੇ ਰਸ਼ਪਾਲ ਸਿੰਘ ਹੇਅਰ ਨੇ ਦੱਸਿਆ ਕਿ ਜਲਦੀ ਹੀ ਸਕੂਲੀ ਬੱਚਿਆਂ ਨੂੰ ਜੰਗੀ ਸ਼ਹੀਦਾਂ ਤੇ ਸਿੱਖ ਇਤਿਹਾਸ ਬਾਰੇ ਜਾਗਰੂਕ ਕਰਨ ਹਿਤ ਪ੍ਰੋਗਰਾਮ ਉਲਿਕਿਆ ਗਿਆ ਹੈ।

ਇਸ ਮੌਕੇ ਗਾਇਕ ਤੇ ਗੀਤਕਾਰ ਕਾਬਲ ਸਰੂਪਵਾਲੀ ਨੇ ਵੀ ਗੀਤ ਗਾ ਕੇ ਵਾਹ-ਵਾਹੀ ਖੱਟੀ। ਇਸ ਸਮਾਰੋਹ 'ਚ ਹੋਰ ਵੀ ਸੱਭਿਆਚਾਰਕ ਵੰਨਗੀਆਂ ਖਿੱਚ ਦਾ ਕੇਂਦਰ ਰਹੀਆਂ। ਮੰਚ ਸੰਚਾਲਨ ਦੀ ਭੂਮਿਕਾ ਡਾ. ਨਾਇਡੂ ਬੋਡਾਪੱਟੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੂਬਾ ਤੇ ਸੰਘੀ ਸਰਕਾਰ ਮੰਤਰੀ, ਸਥਾਨਕ ਪ੍ਰਸਾਸ਼ਨਿਕ ਅਧਿਕਾਰੀਆਂ, ਸਾਬਕਾ ਫੌਜੀ ਅਤੇ ਸ਼ਿਆਮ ਦਾਸ, ਇਬਰਾਹਿਮ ਮਲਿਕ, ਚਿੱਤਰਾ ਮਾਹੇਸ਼, ਪੀਟਰਾ ਮਿਲਾਓਡੀ, ਸੁਰਿੰਦਰ ਪ੍ਰਸਾਦ, ਹਿਊ ਪੋਲਸਨ ਪ੍ਰਧਾਨ ਆਰ.ਐੱਸ.ਐੱਲ. ਕਲੱਬ, ਹਰਜੀਤ ਲਸਾੜਾ ਕਨਵੀਨਰ ਕਮਿਊਨਿਟੀ ਰੇਡੀਓ ਫੋਰ ਈ ਬੀ ਪੰਜਾਬੀ ਗਰੁੱਪ, ਪਰਮਜੀਤ ਸਿੰਘ ਸਰਾਏ, ਪ੍ਰਣਾਮ ਸਿੰਘ ਹੇਅਰ, ਰਸ਼ਪਾਲ ਹੇਅਰ, ਸੰਸਦ ਮੈਬਰ ਗ੍ਰੈਹਮ ਪੈਰਟ, ਬਿਨਾਕਾ ਅਰਚਰ, ਭਾਰਤ ਦੀ ਆਨਰੇਰੀ ਕੌਸਲੇਟ ਸ਼੍ਰੀਮਤੀ ਅਰਚਨਾ ਸਿੰਘ, ਪਿੰਕੀ ਸਿੰਘ, ਹਰਜੀਤ ਭੁੱਲਰ ਆਦਿ ਤੋਂੲਇਲਾਵਾ ਵੱਖ-ਵੱਖ ਭਾਈਚਾਰਿਆਂ ਦੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।

Vandana

This news is Content Editor Vandana