ਬ੍ਰਿਸਬੇਨ ਵਿਖੇ ਇੰਦਰਜੀਤ ਧਾਮੀ ਦਾ ਗ਼ਜ਼ਲ ਸੰਗ੍ਰਹਿ 'ਅਸਾਨੂੰ ਹਾਕ ਤਾਂ ਮਾਰੀਂ' ਲੋਕ ਅਰਪਣ

05/21/2018 10:02:16 AM

ਬ੍ਰਿਸਬੇਨ(ਸੁਰਿੰਦਰਪਾਲ ਸਿੰਘ ਖੁਰਦ)— ਆਸਟਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਵੱਲੋਂ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਇਸ ਮਹੀਨੇ ਦਾ ਕਵੀ ਦਰਬਾਰ ਆਯੋਜਿਤ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ, ਜੀ. ਐਨ.ਐਸ. ਟੀ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ, ਇਕਬਾਲ ਸਿੰਘ ਧਾਮੀ ਅਤੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਝੱਜ ਸ਼ਸੋਭਿਤ ਹੋਏ। ਕਵੀ ਦਰਬਾਰ ਦੀ ਸ਼ੁਰੂਆਤ ਆਤਮਾ ਸਿੰਘ ਹੇਅਰ ਦੇ ਪੰਜਾਬ ਦੇ ਹਾਲਾਤ ਬਾਰੇ ਗਾਏ ਭਾਵਪੂਰਤ ਗੀਤ ਨਾਲ ਹੋਈ। ਇਸ ਉਪਰੰਤ ਲਗਾਤਾਰ 2 ਘੰਟੇ ਚੱਲੇ ਕਵਿਤਾ ਪਾਠ ਵਿਚ ਸ਼ਾਇਰਾ ਹਰਜੀਤ ਕੌਰ ਸੰਧੂ, ਜਸਵੰਤ ਵਾਗਲਾ, ਰੁਪਿੰਦਰ ਸੋਜ਼, ਪਾਲ ਰਾਊਕੇ, ਸ਼ਮਸ਼ੇਰ ਸੈਮੀ ਸਿਧੂ, ਸੁਰਜੀਤ ਸੰਧੂ, ਤਜਿੰਦਰ ਭੰਗੂ, ਹਰਮਨਦੀਪ ਗਿੱਲ, ਸਰਬਜੀਤ ਸੋਹੀ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਝੂੰਮਣ ਲਾਈ ਰੱਖਿਆ। ਇਸ ਮੌਕੇ ਕੈਨੇਡਾ ਵੱਸਦੇ ਸ਼ਾਇਰ ਅਤੇ ਸਾਹਿਤ ਸਭਾ ਸਰੀ ਦੇ ਪ੍ਰਧਾਨ ਇੰਦਰਜੀਤ ਧਾਮੀ ਦਾ ਗ਼ਜ਼ਲ ਸੰਗ੍ਰਹਿ 'ਅਸਾਨੂੰ ਹਾਕ ਤਾਂ ਮਾਰੀਂ'”ਲੋਕ ਅਰਪਣ ਕੀਤਾ ਗਿਆ।
ਸ਼ਾਇਰ ਦੇ ਜੀਵਨ ਅਤੇ ਕਿਤਾਬ ਬਾਰੇ ਇਕਬਾਲ ਸਿੰੰਘ ਧਾਮੀ ਨੇ ਸੰਖੇਪ ਵਿਚ ਚਾਨਣਾ ਪਾਇਆ। ਦਲਵੀਰ ਹਲਵਾਰਵੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਸਾਹਿਤਕ ਸਰਗਰਮੀਆਂ ਅਤੇ ਅਦੀਬਾਂ ਨਾਲ ਬਿਤਾਏ ਪਲਾਂ ਨੂੰ ਸਰੋਤਿਆਂ ਨਾਲ ਸਾਂਝਾਂ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਿੰਦਰ ਧਾਲੀਵਾਲ, ਹਰਕੀ ਵਿਰਕ, ਪਮਨਦੀਪ ਸਿੰਘ ਖਹਿਰਾ ਆਦਿ ਵੀ ਹਾਜ਼ਰ ਸਨ। ਅੰਤ ਵਿਚ ਪ੍ਰਧਾਨ ਅਮਰਜੀਤ ਸਿੰਘ ਮਾਹਲ ਨੇ ਆਏ ਸਾਰੇ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ । ਸਟੇਜ ਸਕੱਤਰ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਿਭਾਈ ਗਈ।