ਪੈਸਾ-ਪੈਸਾ ਜੋੜ ਕੇ ਖਰੀਦੀ ਸੀ ਕਾਰ, ਕਰੇਨ ਹਾਦਸੇ ਨੇ ਚਕਨਾਚੂਰ ਕੀਤੇ ਸਾਰੇ ਸੁਪਨੇ (ਤਸਵੀਰਾਂ)

05/25/2017 4:26:51 PM


ਬ੍ਰਿਸਬੇਨ— ਬੀਤੇ ਬੁੱਧਵਾਰ ਨੂੰ ਆਸਟਰੇਲੀਆ ਦੇ ਬ੍ਰਿਸਬੇਨ 'ਚ ਇਕ ਕਰੇਨ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ 'ਚ ਕਈ ਕਾਰਾਂ ਨੁਕਸਾਨੀਆਂ ਗਈਆਂ ਸਨ। ਜਿੱਥੇ ਇਹ ਹਾਦਸਾ ਵਾਪਰਿਆ ਉੱਥੇ ਇਕ ਸ਼ੋਅਰੂਮ ਦਾ ਨਿਰਮਾਣ ਕੰਮ ਚੱਲ ਰਿਹਾ ਸੀ ਕਿ ਅਚਾਨਕ ਕਰੇਨ ਖੜ੍ਹੀਆਂ ਕਾਰਾਂ 'ਤੇ ਆ ਡਿੱਗੀ, ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਇਸ ਕਰੇਨ ਹਾਦਸੇ 'ਚ ਬ੍ਰਿਸਬੇਨ ਦੀ ਰਹਿਣ ਵਾਲੀ ਇਕ ਕੈਂਡੇਸ ਕੈਸ਼ ਨਾਂ ਦੀ ਔਰਤ ਦੀ ਕਾਰ ਚਕਨਾਚੂਰ ਹੋ ਗਈ, ਜਿਸ ਕਾਰਨ ਉਹ ਆਪਣੀ ਕਾਰ ਨੂੰ ਦੇਖ ਕੇ ਰੋ ਰਹੀ ਹੈ। ਔਰਤ ਨੇ ਹੁਣ ਸ਼ੋਅਰੂਮ ਕੰਪਨੀ ਅਤੇ ਕਰੇਨ ਕੰਪਨੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਉਸ ਦੀ ਕਾਰ ਕਰੇਨ ਹਾਦਸੇ 'ਚ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ।
ਕੈਸ਼ ਨੇ ਕਿਹਾ ਕਿ ਜਦੋਂ ਵੀ ਮੈਂ ਕਾਰ ਨੂੰ ਦੇਖਦੀ ਹਾਂ ਤਾਂ ਮੇਰੀਆਂ ਅੱਖਾਂ 'ਚੋਂ ਹੰਝੂ ਨਿਕਲ ਜਾਂਦੇ ਹਨ। ਉਸ ਨੇ ਕਿਹਾ ਕਿ ਉਹ ਭਿਆਨਕ ਸ਼ੋਰ ਅਜੇ ਵੀ ਮੇਰੇ ਕੰਨਾਂ 'ਚ ਗੂੰਜਦਾ ਹੈ। ਕੈਸ਼ ਨੇ ਇਸ ਦੇ ਨਾਲ ਹੀ ਕਿਹਾ ਕਿ ਉਸ ਨੇ ਪੈਸਾ-ਪੈਸਾ ਜੋੜ ਕੇ ਇਹ ਕਾਰ ਖਰੀਦੀ ਸੀ ਪਰ ਉਸ ਦੇ ਸਾਰੇ ਸੁਪਨੇ ਚਕਨਾਚੂਰ ਹੋ ਗਏ। ਕੈਸ਼ ਨੇ ਇਸ ਹਾਦਸੇ 'ਚ ਨੁਕਸਾਨੀ ਗਈ ਕਾਰ ਨੂੰ ਦੇਖ ਕੇ ਕਿਹਾ ਕਿ ਮੈਨੂੰ ਕਾਰ ਖਰੀਦਣ ਦੇ ਨਾਲ ਹੀ ਬੀਮਾ ਸਰਟੀਫਿਕੇਟ ਦਿੱਤਾ ਗਿਆ ਸੀ ਜੋ ਕਿ ਖਤਮ ਹੋ ਚੁੱਕਾ ਹੈ, ਹੁਣ ਕੁਝ ਵੀ ਨਹੀਂ ਹੋ ਸਕਦਾ।