ਬ੍ਰਿਸਬੇਨ ''ਚ ਪਿਤਾ ਨੂੰ ਮਿਲੀ ਵੱਡੀ ਖੁਸ਼ੀ, 3 ਸਾਲ ਬਾਅਦ ਮਿਲੇ ਲਾਪਤਾ ਬੱਚੇ

12/21/2017 12:35:41 PM

ਬ੍ਰਿਸਬੇਨ (ਏਜੰਸੀ)— ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ 'ਚ ਰਹਿੰਦੇ ਇਕ ਪਿਤਾ ਨੂੰ ਕ੍ਰਿਸਮਸ ਤੋਂ ਪਹਿਲਾਂ ਵੱਡੀ ਖੁਸ਼ੀ ਮਿਲੀ, ਜਦੋਂ ਉਸ ਨੂੰ 3 ਸਾਲਾਂ ਤੋਂ ਲਾਪਤਾ ਬੱਚੇ ਮਿਲੇ। ਬੱਚਿਆਂ ਦੀ ਭਾਲ ਲਈ ਆਸਟ੍ਰੇਲੀਅਨ ਸੰਘੀ ਪੁਲਸ ਨੇ ਮਦਦ ਕੀਤੀ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਪਿਤਾ ਨਾਲ ਮਿਲਵਾਇਆ। 9 ਸਾਲ ਦੀ ਸਰੇਨਾ ਅਤੇ 8 ਸਾਲਾ ਥਾਮਸ ਨਾਂ ਦੇ ਬੱਚੇ ਪਿਤਾ ਹੈਰੀ ਸਪੀਥ ਨੂੰ ਬੁੱਧਵਾਰ ਨੂੰ ਮਿਲੇ। ਹੈਰੀ ਨੇ ਆਪਣੇ ਬੱਚਿਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ 5 ਦਸੰਬਰ 2014 ਨੂੰ ਦਿੱਤੀ ਸੀ। ਪਿਤਾ ਸਪੀਥ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਸਮੇਂ ਮਹਿਸੂਸ ਹੋਇਆ ਸੀ ਕਿ ਸ਼ਾਇਦ ਉਹ ਮਰ ਚੁੱਕੇ ਹਨ ਪਰ ਉਨ੍ਹਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ। 


ਆਸਟ੍ਰੇਲੀਆ ਦੇ ਸੰਸਦ ਮੈਂਬਰ ਮਾਈਕਲ ਕਿਨਾਨ ਅਤੇ ਆਸਟ੍ਰੇਲੀਅਨ ਸੰਘੀ ਪੁਲਸ (ਏ. ਐੱਫ. ਪੀ.) ਕਮਿਸ਼ਨਰ ਐਨਡਿਊ ਕੋਲਵਿਨ ਨੇ 2015 'ਚ 'ਇੰਟਰਨੈਸ਼ਨਲ ਮਿਸਿੰਗ ਚਿਲਡਰਨਜ਼ ਡੇਅ' ਮੁਹਿੰਮ 'ਚ 'ਉਨ੍ਹਾਂ ਨੂੰ ਘਰ ਲਿਆਉਣ ਮਦਦ ਕਰੋ' ਵਿਚ ਸ਼ਾਮਲ ਕੀਤਾ। ਬੱਚਿਆਂ ਦੀ ਭਾਲ ਲਈ ਬਕਾਇਦਾ ਫੇਸਬੁੱਕ ਪੇਜ਼ ਵੀ ਬਣਾਇਆ ਗਿਆ। ਇਸ ਪੇਜ਼ 'ਤੇ ਬੱਚਿਆਂ ਦੀ ਤਸਵੀਰ ਨਾਲ ਭਾਲ ਲਈ ਬੇਨਤੀ ਕੀਤੀ ਗਈ। ਪਿਤਾ ਸਪੀਥ ਨੇ ਇਸੇ ਮਹੀਨੇ ਪੋਸਟ ਸਾਂਝੀ ਕਰਦੇ ਹੋਏ ਇਕ ਵਾਰ ਫਿਰ ਬੇਨਤੀ ਕੀਤੀ ਕਿ ਮੇਰੇ ਬੱਚਿਆਂ ਸਰੇਨਾ ਅਤੇ ਥਾਮਸ ਨੂੰ ਲੱਭਿਆ ਜਾਵੇ, ਜਿਨ੍ਹਾਂ ਨੂੰ ਮੈਂ 3 ਸਾਲਾਂ ਤੋਂ ਨਹੀਂ ਦੇਖਿਆ ਹੈ। ਦਰਅਸਲ ਬੱਚਿਆਂ ਦੀ ਮਾਂ ਉਨ੍ਹਾਂ ਨੂੰ ਲੈ ਕੇ ਲਾਪਤਾ ਹੋ ਗਈ ਸੀ। ਬੱਚੇ ਮਾਂ ਨਾਲ ਮਿਲੇ, ਜਿੱਥੋਂ ਉਹ ਲਾਪਤਾ ਹੋਏ ਸਨ।