ਬ੍ਰਿਸਬੇਨ ਸਿਟੀ ਕੌਂਸਲਰ ਦੀ ਚੇਅਰਪਰਸਨ ਨੇ ਮਰਹੂਮ ''ਅਲੀਸ਼ੇਰ'' ਦੇ ਘਰ ਦਾ ਕੀਤਾ ਦੌਰਾ

01/11/2018 5:10:04 PM

ਸੰਗਰੂਰ/ਬ੍ਰਿਸਬੇਨ— ਆਸਟ੍ਰੇਲੀਆ ਦੇ ਬ੍ਰਿਸਬੇਨ ਸਿਟੀ ਕੌਂਸਲਰ ਦੀ ਚੇਅਰਪਰਸਨ ਐਂਜਲਾ ਓਵਨ ਨੇ ਬੁੱਧਵਾਰ ਨੂੰ ਮਨਮੀਤ ਅਲੀਸ਼ੇਰ ਦੇ ਜੱਦੀ ਪਿੰਡ ਅਲੀਸ਼ੇਰ ਦਾ ਦੌਰਾ ਕੀਤਾ। ਐਂਜਲਾ ਓਵਨ ਮਨਮੀਤ ਦੇ ਘਰ ਗਈ, ਜਿੱਥੇ ਉਹ ਮਨਮੀਤ ਦੇ ਪਰਿਵਾਰ ਨੂੰ ਮਿਲੀ ਅਤੇ ਉਨ੍ਹਾਂ ਨਾਲ ਮਨਮੀਤ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਅਲੀਸ਼ੇਰ ਪਿੰਡ ਦੇ ਵਾਸੀਆਂ ਨੇ ਐਂਜਲਾ ਦਾ ਭਰਵਾਂ ਸੁਆਗਤ ਅਤੇ ਸਨਮਾਨ ਕੀਤਾ। ਐਂਜਲਾ ਨਾਲ ਆਸਟ੍ਰੇਲੀਆ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਗੁਰਪ੍ਰੀਤ ਪਿੰਕੀ ਸਿੰਘ ਵੀ ਮੌਜੂਦ ਸਨ। 
ਐਂਜਲਾ ਨੇ ਪਰਿਵਾਰ ਨਾਂ ਮਨਮੀਤ ਦੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਭਰੀ ਜਵਾਨੀ ਵਿਚ ਮਨਮੀਤ ਵਰਗਾ ਨੌਜਵਾਨ ਨਸਲੀ ਨਫਰਤ ਦੀ ਸ਼ਿਕਾਰ ਹੋ ਗਿਆ, ਜੋ ਕਿ ਮਨੁੱਖਤਾ ਲਈ ਵੱਡਾ ਘਾਣ ਹੈ। ਉਨ੍ਹਾਂ ਕਿਹਾ ਕਿ ਉਹ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੂਰਾ ਸਹਿਯੋਗ ਕਰ ਰਹੇ ਹਨ। ਮਨਮੀਤ ਦੇ ਭਰਾ ਅਮਿਤ ਅਲੀਸ਼ੇਰ ਨੇ ਉਸ ਦੇ ਬਚਪਨ ਦੀਆਂ ਗੱਲਾਂ ਨੂੰ ਤਾਜ਼ਾ ਕੀਤਾ ਅਤੇ ਕਿਹਾ ਕਿ ਅੱਜ ਵੀ ਇੰਝ ਜਾਪਦਾ ਹੈ ਕਿ ਮਨਮੀਤ ਸਾਡੇ ਵਿਚ ਹੀ ਹੈ।
ਦੱਸਣਯੋਗ ਹੈ ਕਿ ਅਕਤੂਬਰ 2016 ਨੂੰ 29 ਸਾਲਾ ਮਨਮੀਤ ਅਲੀਸ਼ੇਰ ਦੀ ਮੌਤ ਹੋ ਗਈ ਸੀ। ਬ੍ਰਿਸਬੇਨ 'ਚ ਬੱਸ ਚਲਾਉਂਦਾ ਸੀ ਅਤੇ ਉਸ ਦੀ ਬੱਸ ਨੂੰ ਅੱਗ ਲਾ ਦਿੱਤੀ ਗਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਹਮਲੇ ਨੂੰ ਨਸਲੀ ਹਮਲਾ ਮੰਨਿਆ ਗਿਆ ਸੀ। ਮਨਮੀਤ ਅਲੀਸ਼ੇਰ ਦੀ ਉਮਰ ਮਹਜ 29 ਸਾਲ ਸੀ, ਜੋ ਕਿ ਆਸਟ੍ਰੇਲੀਆ ਵਿਚ ਪੰਜਾਬੀ ਭਾਈਚਾਰੇ 'ਚ ਬਹੁਤ ਮਸ਼ਹੂਰ ਸੀ। ਡਰਾਈਵਰ ਹੋਣ ਦੇ ਨਾਲ-ਨਾਲ ਉਹ ਵਧੀਆ ਕਵੀ ਅਤੇ ਸੰਗੀਤਕਾਰ ਵੀ ਸੀ।