ਬ੍ਰਿਸਬੇਨ ਵਿਖੇ ਕੌਮਾਂਤਰੀ ਮਾਂ-ਬੋਲੀ ਦਿਵਸ ਮਨਾਇਆ ਗਿਆ, ਭਾਸ਼ਾ ਦੀ ਹੋਂਦ ਨੂੰ ਕਾਇਮ ਰੱਖਣ 'ਤੇ ਦਿੱਤਾ ਜ਼ੋਰ

02/21/2021 12:23:23 PM

ਆਸਟ੍ਰੇਲਿਆ(ਸੁਰਿੰਦਰਪਾਲ ਸਿੰਘ ਖੁਰਦ) - ਇੱਥੇ ‘ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ’ ਦੀ ਅਗਵਾਈ ਹੇਠ ਸਹਿਯੋਗੀ ਸੰਸਥਾਵਾਂ, ਲੇਖਕਾਂ, ਪੱਤਰਕਾਰਾਂ ਅਤੇ ਪੰਜਾਬੀ ਹਿਤੈਸ਼ੀਆਂ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਦੋ ਘੰਟੇ ਚੱਲੇ ਇਸ ਸਮਾਗਮ ਵਿਚ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੀਆਂ ਤਕਰੀਰਾਂ, ਗੀਤਾਂ, ਗ਼ਜ਼ਲਾਂ, ਲੇਖਾਂ ਆਦਿ ਨਾਲ ਪੰਜਾਬੀ ਬੋਲੀ ਦਾ ਚਿੰਤਨ ਅਤੇ ਭਵਿੱਖੀ ਲੋੜਾਂ ਨੂੰ ਆਪਣਾ ਸ਼ਬਦੀ ਜਾਮਾ ਪਹਿਨਾਇਆ ਗਿਆ। ਇਸ ਵਿਚਾਰ ਗੋਸ਼ਟੀ ਦੀ ਸ਼ੁਰੂਆਤ ਅਜੇਪਾਲ ਸਿੰਘ ਵੱਲੋਂ ਹਾਜਰੀਨ ਦੇ ਸਵਾਗਤ ਨਾਲ ਕੀਤੀ ਅਤੇ ਕਿਹਾ ਕਿ ਵਰਤਮਾਨ ਸਮੇਂ ਵਿਚ ਅਜੇ ਵੀ ਪੰਜਾਬੀ ਭਾਸ਼ਾ ਦੀ ਸਥਿਤੀ ਜਿਆਦਾ ਮਜ਼ਬੂਤ ਨਹੀਂ ਹੈ। ਜਗਜੀਤ ਖੋਸਾ ਨੇ ਆਪਣੀ ਤਕਰੀਰ ‘ਚ ਵਿਸ਼ਵੀਕਰਨ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੇ ਪੱਛੜ ਜਾਣ ਨੂੰ ਦੁੱਖਦ ਵਰਤਾਰਾ ਕਿਹਾ।

ਇਹ ਵੀ ਪੜ੍ਹੋ : ਕਾਗਜ਼ ਦੀ ਬੋਤਲ ਵਿਚ ਮਿਲੇਗੀ ਕੋਕਾ-ਕੋਲਾ, ਕੰਪਨੀ ਕਰ ਰਹੀ ਹੈ ਇਹ ਤਿਆਰੀ

ਸੰਸਥਾ ਪ੍ਰਧਾਨ ਦਲਜੀਤ ਸਿੰਘ ਅਤੇ ਰਿਤਿਕਾ ਅਹੀਰ ਨੇ ਕਿਹਾ ਕਿ ਬੰਗਲਾ ਭਾਸ਼ਾ ਲਈ ਕੀਤਾ ਸੰਘਰਸ਼ ਸਾਡੇ ਸਾਰਿਆਂ ਲਈ ਮਾਰਗ ਦਰਸ਼ਨ ਹੈ। ਜਸਵੰਤ ਵਾਗਲਾ ਅਤੇ ਵਰਿੰਦਰ ਅਲੀਸ਼ੇਰ ਨੇ ਸਾਂਝੇ ਰੂਪ ‘ਚ ਕਿਹਾ ਕਿ ਸਾਨੂੰ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਪੰਜਾਬੀ ਭਾਸ਼ਾ, ਪੰਜਾਬੀ ਵਿਰਾਸਤ ਅਤੇ ਪੰਜਾਬੀਅਤ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਸੁਰਿੰਦਰ ਖੁਰਦ ਨੇ ਪੰਜਾਬੀ ਮਾਂ-ਬੋਲੀ ਦਾ ਮੂਲ ਅਧਾਰ, ਵਿਸ਼ਵ ਵਿਚ ਪੰਜਾਬੀ ਬੋਲੀ ਦਾ ਫੈਲਾਅ ਅਤੇ ਮਾਂ-ਬੋਲੀ ਨਾਲ ਜੁੜੇ ਮੋਜੂਦਾ ਸਰੋਕਾਰ ਬਾਰੇ ਪਰਚਾ ਪੜ੍ਹਿਆ ਗਿਆ। ਜਗਜੀਤ ਖੋਸਾ ਅਨੁਸਾਰ ਪੰਜਾਬ ‘ਚ 82% ਬੱਚੇ ਪੰਜਾਬੀ ਮਾਤ ਭਾਸ਼ਾ ਵਿਚ ਪੈਂਤੀ ਲਿਖਣ ਤੋਂ ਅਸਮਰਥ ਰਹੇ ਹਨ। ਦੇਵ ਸਿੱਧੂ ਅਤੇ ਹਰਪ੍ਰੀਤ ਸਿੰਘ ਕੋਹਲੀ ਵੱਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਵੱਲ ਵਧੇਰੇ ਪ੍ਰੇਰਿਤ ਕਰਨ ਲਈ ਵੱਖੋ-ਵੱਖਰੇ ਢੰਗ ਤੇ ਸੁਝਾਅ ਦਿੱਤੇ।

ਰਛਪਾਲ ਹੇਅਰ ਅਨੁਸਾਰ ਪੰਜਾਬੀ ਮਾਤ ਭਾਸ਼ਾ ਦੀ ਮੌਜੂਦਾ ਸਮੇਂ ਵਿਚ ਨਿਘਰਦੀ ਜਾ ਰਹੀ ਹਾਲਤ ਨੂੰ ਵੇਖਦਿਆਂ ਇਹ ਸੋਚਣ ਵਿਚ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਅਗਲੇ 50 ਸਾਲਾਂ ਤੱਕ ਪੰਜਾਬੀ ਭਾਸ਼ਾ ਵਧੇਰੇ ਬਦਲ ਸਕਦੀ ਹੈ ਜੇਕਰ ਅਸੀਂ ਇਸੇ ਤਰਾਂ ਲਾਪਰਵਾਹੀ ਵਰਤਦੇ ਰਹੇ। ਗਰੀਨ ਪਾਰਟੀ ਤੋਂ ਨਵਦੀਪ ਸਿੰਘ ਨੇ ਕਿਹਾ ਕਿ ਸਾਡੇ ਲਈ ਇਹ ਦਿਨ ਇਸ ਹੱਕ ਦਾ ਪ੍ਰਤੀਕ ਹੈ ਕਿ ਮਾਤ ਭਾਸ਼ਾ ਸਾਰੀਆਂ ਕੋਮਾਂ ਦਾ ਜਮਾਂਦਰੂ ਹੱਕ ਹੈ। ਗੀਤਕਾਰ ਸੁਰਜੀਤ ਸੰਧੂ ਤੇ ਹਰਜੀਤ ਕੌਰ ਸੰਧੂ ਨੇ ਪੰਜਾਬੀ ਪੜ੍ਹਾਉਣ ਦੇ ਤਰੀਕਿਆਂ ਵੱਲ ਵੀ ਆਲੋਚਨਾਤਮਿਕ ਖਿਆਲਾਂ ਦੀ ਸਾਂਝ ਤਹਿਤ ਬੱਚਿਆਂ ਨੂੰ ਪੜ੍ਹਾਉਣ ਦੇ ਨਵੇਂ ਤਰੀਕਿਆਂ ਦੀ ਗੱਲ ਕੀਤੀ।

ਇਹ ਵੀ ਪੜ੍ਹੋ : ਪੈਟਰੋਲ ਦੀਆਂ ਬੇਲਗਾਮ ਕੀਮਤਾਂ 'ਤੇ AMUL ਦਾ ਕਾਰਟੂਨ, ਯੂਜ਼ਰਜ਼ ਦੇ ਰਹੇ ਹਨ ਮਜ਼ੇਦਾਰ ਪ੍ਰਤੀਕਿਰਿਆ

ਹੋਰ ਬੁਲਾਰਿਆਂ ਨੇ ਪੰਜਾਬ ਵਿਚ ਨਿੱਘਰਦੀ ਜਾ ਰਹੀ ਪੰਜਾਬੀ ਦੀ ਹਾਲਤ 'ਤੇ ਡੂੰਘਾਈ ਨਾਲ ਜ਼ਿਕਰ ਕੀਤਾ। ਹਰਜੀਤ ਲਸਾੜਾ ਨੇ ਆਪਣੀ ਤਕਰੀਰ ‘ਚ ਕਿਹਾ ਕਿ ਰੂਸੀ, ਚੀਨੀ, ਜਪਾਨੀ ਅਤੇ ਜਰਮਨੀ ਨੇ ਆਪਣੀਆਂ ਆਪਣੀਆਂ ਭਾਸ਼ਾਵਾਂ ਵਿਚ ਖੂਬ ਤਰੱਕੀ ਕੀਤੀ ਹੈ ਪਰ ਭਾਰਤੀ ਭਾਸ਼ਾਵਾਂ ਖਾਸ ਕਰਕੇ ਪੰਜਾਬੀ ਭਾਸ਼ਾ ਅਜੇ ਵੀ ਪਿਛੜਦੀ ਦਿੱਖ ਰਹੀ ਹੈ। ਭਾਵੇਂ ਇਸ ਕਾਰਜ ਲਈ ‘ਪੰਜਾਬੀ ਯੂਨੀਵਰਸਿਟੀ’ ਦੀ ਸੰਥਾਪਨਾ ਕੀਤੀ ਗਈ ਸੀ। ਉਹਨਾਂ ਕਿਸਾਨੀ ਅੰਦੋਲਨ ਦੇ ਹੱਕ ‘ਚ ਆਵਾਜ਼ ਵੀ ਬੁਲੰਦ ਕੀਤੀ। ਜਸਪਾਲ ਸੰਧੂ ਨੇ ਵਿਦੇਸ਼ਾਂ ‘ਚ ਮਾਂ ਬੋਲੀ ਪੰਜਾਬੀ ਨੂੰ ਵੱਧ ਤੋਂ ਵੱਧ ਪ੍ਰਫੁਲਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਜਿੰਨੀਆਂ ਮਰਜ਼ੀ ਪੜ੍ਹੋ ਪਰ ਮਾਂ ਬੋਲੀ ਨਾਲ ਸਾਂਝ ਬਣਾਈ ਰੱਖਣੀ ਜ਼ਰੂਰੀ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦੇਵੇਗੀ ਈ-ਭੁਗਤਾਨ ਨਾਲ MSP

ਸਮਾਰੋਹ ਵਿੱਚ ਸਹਿਜਪ੍ਰੀਤ ਕੌਰ, ਸੁਖਮਨਦੀਪ ਸੰਧੂ, ਅਸ਼ਮੀਤ ਸੰਧੂ, ਸਲੋਕ ਆਦਿ ਬੱਚਿਆਂ ਦੀਆਂ ਰਚਨਾਵਾਂ ਪ੍ਰੋਗਰਾਮ ਦਾ ਸਿਖਰ ਹੋ ਨਿੱਬੜੀਆਂ। ਪੰਜਾਬ ਤੋਂ ਲੇਖਕ ਅਲੀ ਰਾਜਪੁਰਾ ਅਤੇ ਗਾਇਕ ਹਰਮਿੰਦਰ ਨੂਰਪੁਰੀ ਨੇ ਵੀਡੀਓ ਸੁਨੇਹਿਆਂ ਨਾਲ ਪ੍ਰੋਗਰਾਮ ‘ਚ ਮਾਂ ਬੋਲੀ ਨੂੰ ਸਿਜਦਾ ਕੀਤਾ। ਸਮਾਰੋਹ ਦੇ ਅੰਤ ਵਿਚ ਪ੍ਰੈੱਸ ਕਲੱਬ ਵੱਲੋਂ ਮਾਂ ਬੋਲੀ ਪੰਜਾਬੀ ਲਈ ਕੀਤੇ ਗਏ ਸੁਹਿਰਦ ਕਾਰਜਾਂ ਲਈ ਦਵਿੰਦਰ ਕੌਰ ਬੈਂਸ, ਹਰਵਿੰਦਰ ਕੌਰ ਸਿੱਧੂ, ਸਿੰਘ ਸਭਾ ਗੁਰਮੁਖੀ ਸਕੂਲ ਟੈਗਮ, ਪੰਜਾਬੀ ਸਕੂਲ ਮਾਝਾ ਯੂਥ ਕਲੱਬ, ਪੰਜਾਬੀ ਸਕੂਲ ਬ੍ਰਿਸਬੇਨ ਸਿੱਖ ਟੈਂਪਲ ਅਤੇ ਨਿੱਕੇ ਤਾਰੇ ਪੰਜਾਬੀ ਸਕੂਲ ਬ੍ਰਿਸਬੇਨ ਨੂੰ ਸਨਮਾਨ ਪੱਤਰ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿਤਿਕਾ ਅਹੀਰ, ਗੁਰਵਿੰਦਰ ਕੌਰ, ਦਵਿੰਦਰ ਕੌਰ ਬੈਂਸ, ਹਰਵਿੰਦਰ ਕੌਰ ਸਿੱਧੂ, ਹਰਜੀਤ ਕੌਰ ਸੰਧੂ, ਸੰਸਥਾ ਪ੍ਰਧਾਨ ਦਲਜੀਤ ਸਿੰਘ, ਅਜੇਪਾਲ, ਗੁਰਵਿੰਦਰ ਸਿੰਘ, ਸੁਰਿੰਦਰ ਖੁਰਦ, ਹਰਪ੍ਰੀਤ ਕੋਹਲੀ, ਜਗਜੀਤ ਖੋਸਾ, ਦੇਵ ਸਿੱਧੂ, ਹਰਜੀਤ ਲਸਾੜਾ, ਜਸਵੰਤ ਵਾਗਲਾ, ਵਰਿੰਦਰ ਅਲੀਸ਼ੇਰ,  ਸੁਰਜੀਤ ਸੰਧੂ, ਜੱਗਾ ਸਿੱਧੂ, ਗੁਰਮੁੱਖ ਭੰਦੋਹਲ, ਜਤਿੰਦਰ ਰਹਿਲ, ਨਵਦੀਪ ਸਿੰਘ, ਰਛਪਾਲ ਹੇਅਰ, ਹਰਜੀਤ ਭੁੱਲਰ, ਮਨਜੀਤ ਭੁੱਲਰ, ਗੁਰਪ੍ਰੀਤ ਬਰਾੜ, ਸੁਰਿੰਦਰ ਸਿੰਘ, ਜਸਪਾਲ ਸੰਧੂ, ਪ੍ਰਣਾਮ ਹੇਅਰ, ਕਮਲ,ਗੁਰਪ੍ਰੀਤ ਸਿੰਘ ਬੱਲ, ਰਣਜੀਤ ਸਿੰਘ ਮੱਲੂ ਨੰਗਲ, ਅਮਰਜੀਤ ਸਿੰਘ ਆਦਿ ਨੇ ਆਪਣੀਆਂ ਤਕਰੀਰਾਂ ਅਤੇ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਹਰ ਸਾਲ 21 ਫਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਿਕ ਵੰਨ ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ RBI ਨੂੰ ਆਦੇਸ਼ , 6 ਮਹੀਨਿਆਂ ਵਿਚ ਬੈਂਕ ਲਾਕਰ 'ਤੇ ਬਣਾਏ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

Harinder Kaur

This news is Content Editor Harinder Kaur