ਬ੍ਰਿਸਬੇਨ ''ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

10/20/2019 5:54:09 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਗੁਰਦੁਆਰਾ ਸਿੰਘ ਸਭਾ ਟੈਂਗਮ ਅਤੇ ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਸਥਾਪਕ ਸਿੱਖÎ ਦੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਭਾਈ ਸਤਵਿੰਦਰ ਸਿੰਘ ਜੀ, ਭਾਈ ਕਾਰਜ ਸਿੰਘ ਜੀ, ਗੁਰਤੇਜ ਸਿੰਘ, ਭਾਈ ਸੁਖਦੇਵ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ ਪੱਟੀ, ਭਾਈ ਪ੍ਰੀਤ ਸਿੰਘ ਜੀ ਆਦਿ ਦੇ ਪੰਥ ਪ੍ਰਸਿੱਧ ਜੱਥਿਆ ਅਤੇ ਬੱਚਿਆਂ ਵਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ, ਵੀਰ ਰਸੀ ਵਾਰਾਂ ਤੇ ਕਥਾਂ ਵਿਚਾਰਾ ਨਾਲ ਗੁਰੂ ਸਹਿਬਾਨ ਜੀ ਦੇ ਜੀਵਨ ਫਲਸਫੇ ਬਾਰੇ ਚਾਨਣਾ ਪਾਇਆ।

ਇਸ ਦੌਰਾਨ ਸੰਗਤਾਂ ਨੂੰ ਦੱਸਿਆ ਗਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਬਾਣੀ ਵਿਚ ਸ਼ਬਦ, ਸ਼ਲੋਕ, ਘੋੜੀਆਂ, ਲਾਵਾਂ, ਕਰਹਲੇ, ਵਾਰਾਂ, ਰਾਗਾਂ, ਵਣਜਾਰਾ ਤੇ ਹੋਰ ਵੀ ਅਮੁੱਲ ਗਿਆਨ ਦਾ ਵੱਡਮੁੱਲਾ ਖਜ਼ਾਨਾ ਮਨੁੱਖਤਾ ਨੂੰ ਬਾਣੀ ਦੇ ਰੂਪ ਵਿਚ ਦਿੱਤਾ ਗਿਆ ਹੈ, ਜੋ ਕਿ ਹਮੇਸ਼ਾ ਹੀ ਜੀਵਨ ਵਿਚ ਮਾਰਗਦਰਸ਼ਨ ਦਾ ਕਾਰਜ ਕਰਦਾ ਹੈ।ਗੁਰੂ ਜੀ ਦੁਆਰਾ ਰਚਿਤ ਪਾਵਨ-ਪਵਿੱਤਰ ਬਾਣੀ 'ਚ ਗੁਰੂ ਤੇ ਪ੍ਰਮਾਤਮਾ ਲਈ ਅਥਾਹ ਸ਼ਰਧਾ ਤੇ ਪ੍ਰੇਮ ਦਾ ਪ੍ਰਗਟਾਵਾ ਕੀਤਾ ਹੈ ਤੇ ਮਨੁੱਖ ਨੂੰ ਨਾਮ ਸਿਮਰਨ, ਕਿਰਤ ਕਮਾਈ ਕਰਦਿਆਂ, ਹਊਮੇ-ਹੰਕਾਰ ਤਿਆਗ ਕੇ ਸਾਦਗੀ ਵਾਲਾ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ।

ਉਨ੍ਹਾਂ ਸੰਗਤਾ ਨੂੰ ਦੱਸਿਆ ਕਿ ਸਾਨੂੰ ਗੁਰੂ ਸਾਹਿਬ ਜੀ ਵੱਲੋ ਦਰਸਾਏ ਮਾਰਗ ਤੋਂ ਸੇਧ ਲੈ ਕੇ ਗੁਰੂ ਵਾਲੇ ਬਣਨ ਅਤੇ ਬਾਣੇ ਤੇ ਬਾਣੀ ਦੇ ਧਾਰਨੀ ਬਣਨਾ ਚਾਹੀਦਾ ਹੈ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਸੁਖਦੇਵ ਸਿੰਘ, ਭਾਈ ਹਰਜਿੰਦਰ ਸਿੰਘ ਅਤੇ ਪ੍ਰੀਤ ਸਿੰਘ ਦੇ ਜੱਥੇ ਦਾ ਗੁਰਦੁਆਰਾ ਟੈਗਮ ਵਿਖੇ ਕੀਰਤਨ ਦੀ ਸੇਵਾ ਨਿਭਾਉਣ ਲਈ ਸਨਮਾਨ ਕੀਤਾ ਗਿਆ ਅਤੇ ਗੁਰੂ ਦੀਆ ਸੰਗਤਾਂ ਦਾ ਧੰਨਵਾਦ ਕੀਤਾ ਗਿਆ।


Vandana

Content Editor

Related News