ਪੰਜਾਬੀ ਸਿੱਖਣ ਲਈ ਤਿਆਰ ਕੀਤੀ ਨਿਵੇਕਲੀ ਕਿਤਾਬ ਲੋਕ ਅਰਪਣ

03/13/2020 4:36:02 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਬ੍ਰਿਸਬੇਨ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਟੈਂਗਮ ਵਿਖੇ ਗੁਰਮੁਖੀ ਸਕੂਲ ਦੇ ਬੱਚਿਆਂ, ਅਧਿਆਪਕਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ 'ਚ ਬੱਚਿਆਂ ਨੇ ਸਾਰਥਿਕ ਸੁਨੇਹੇ ਦਿੰਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ।ਉਪਰੰਤ ਬਹਾਦਰ ਸਿੰਘ ਝੱਜ ਦੁਆਰਾ ਬੱਚਿਆਂ ਨੂੰ ਆਸਾਨ ਤਰੀਕੇ ਨਾਲ ਪੰਜਾਬੀ ਸਿਖਾਉਣ ਲਈ ਤਿਆਰ ਕੀਤੀ ਇੱਕ ਵਿਸ਼ੇਸ਼ ਕਿਤਾਬ ਵੀ ਰਿਲੀਜ਼ ਕੀਤੀ ਗਈ। 

ਭਾਵੇਂ ਪੰਜਾਬੀਆਂ ਨੂੰ ਪਰਿਵਾਰਾਂ ਸਮੇਤ ਵਿਦੇਸ਼ਾਂ ਵਿੱਚ ਪਰਵਾਸ ਕਰਦਿਆਂ ਲਗਭਗ ਇੱਕ ਸਦੀ ਤੋਂ ਵਧੇਰੇ ਦਾ ਸਮਾਂ ਹੋ ਚੁੱਕਾ ਹੈ । ਜਿੱਥੇ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਵਿੱਚ ਆਪਣੀ ਚੰਗੀ ਪਹਿਚਾਣ ਬਣਾਈ ਹੈ ਉੱਥੇ ਚੰਗੇ ਕਾਰੋਬਾਰ ਸਥਾਪਤ ਕਰਕੇ ਆਪਣੀ ਬੋਲੀ, ਵਿਰਸਾ, ਸੱਭਿਆਚਾਰ ਅਤੇ ਧਰਮ ਪ੍ਰਤੀ ਵੀ ਪੂਰੀ ਤਰ੍ਹਾਂ ਸੁਹਿਰਦ ਰਹੇ ਹਨ।ਅਗਲੀ ਪੀੜ੍ਹੀ ਤੱਕ ਆਪਣੀ ਮਾਂ ਬੋਲੀ ਪੰਜਾਬੀ ਦੀ ਪਹਿਚਾਣ ਨੂੰ ਬਣਾਈ ਰੱਖਣ ਲਈ ਲਗਾਤਾਰ ਯਤਨਸ਼ੀਲ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- AUS: ਗ੍ਰਹਿ ਮੰਤਰੀ 'ਚ ਕੋਰੋਨਾ ਦੀ ਪੁਸ਼ਟੀ, PM ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਇਸੇ ਮੰਤਵ ਨੂੰ ਮੁੱਖ ਰੱਖਦਿਆਂ ਬ੍ਰਿਸਬੇਨ ਨਿਵਾਸੀ ਸਰਦਾਰ ਬਹਾਦਰ ਸਿੰਘ ਝੱਜ ਨੇ ਪੰਜਾਬੀ ਮਾਂ ਬੋਲੀ ਬੱਚਿਆਂ ਨੂੰ ਬੜੇ ਸੌਖੇ ਤਰੀਕੇ ਨਾਲ ਸਿੱਖਣ ਅਤੇ ਸਿਖਾਉਣ ਦੇ ਮਕਸਦ ਤਹਿਤ ਪੰਜਾਬੀ ਦੀ ਇੱਕ ਨਿਵੇਕਲੀ ਕਿਤਾਬ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਨਾਲ ਬੱਚਿਆਂ ਦੇ ਪੱਧਰ ਮੁਤਾਬਿਕ ਰੌਚਕ ਢੰਗ ਨਾਲ ਪੰਜਾਬੀ ਸਿੱਖਣ ਵਿਚ ਸਹਾਇਤਾ ਮਿਲੇਗੀ । ਸਰਦਾਰ ਬਹਾਦਰ ਸਿੰਘ ਨੇ ਦੱਸਿਆ ਕਿ 88 ਪੰਨਿਆਂ ਦੀ ਇਸ ਕਿਤਾਬ ਵਿੱਚ ਬੱਚਿਆਂ ਦੀ ਮਨੋਬਿਰਤੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬੀ ਧੁਨੀਆਂ ਨੂੰ ਅੰਗਰੇਜ਼ੀ ਧੁਨੀਆਂ ਨਾਲ ਮਿਲਾ ਕੇ ਸਿਖਾਉਣ ਦਾ ਭਰਪੂਰ ਯਤਨ ਕੀਤਾ ਗਿਆ ਹੈ ਅਤੇ ਵਰਣਮਾਲਾ ਲਿਖਣੀ ਸਿੱਖਣ ਦਾ ਆਸਾਨ ਤਰੀਕਾ ਦੱਸਿਆ ਗਿਆ ਹੈ ।ਇਹ ਕਿਤਾਬ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਉਪਲੱਬਧ ਹੈ। ਇਸ ਕਿਤਾਬ ਬਾਰੇ ਵਧੇਰੇ ਜਾਣਕਾਰੀ ਲਈ ਈ ਮੇਲ punjabidikitab@gmail.com 'ਤੇ ਸੰਪਰਕ ਕੀਤਾ ਜਾ ਸਕਦਾ ਹੈ ।

Vandana

This news is Content Editor Vandana