ਰਾਹਤ ਦੀ ਖ਼ਬਰ, ਬ੍ਰਿਸਬੇਨ ''ਚ ਅੱਜ ਖ਼ਤਮ ਹੋਵੇਗੀ ਤਾਲਾਬੰਦੀ

04/01/2021 12:00:58 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਈਸਟਰ ਮੌਕੇ ਲੋਕਾਂ ਲਈ ਚੰਗੀ ਖ਼ਬਰ ਹੈ। ਇੱਥੇ ਕੁਈਨਜ਼ਲੈਂਡ ਵਿਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦਾ ਸਿਰਫ ਇੱਕ ਹੀ ਸਥਾਨਕ ਟਰਾਂਸਫਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਨਾਲ ਹੁਣ ਰਾਜ ਵਿਚ ਕੋਰੋਨਾ ਮਰੀਜ਼ਾਂ ਦੀ ਕੁੱਲ ਮੌਜੂਦਾ ਗਿਣਤੀ 18 ਹੋ ਗਈ ਹੈ। ਇਸ ਤੋਂ ਇਲਾਵਾ ਕੋਰੋਨਾ ਦੇ 9 ਮਾਮਲੇ ਹੋਟਲ ਕੁਆਰੰਟੀਨ ਨਾਲ ਸਬੰਧਤ ਦਰਜ ਕੀਤੇ ਗਏ ਹਨ। ਇਸ ਦੌਰਾਨ ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਕੜਿਆਂ ਨੂੰ ਦੇਖਦਿਆਂ, ਮੌਜੂਦਾ ਚੱਲ ਰਹੇ ਕਲਸਟਰ ਕਾਰਨ ਬ੍ਰਿਸਬੇਨ ਵਿਚ ਜਿਹੜੀ 3 ਦਿਨਾਂ ਦੀ ਤਾਲਾਬੰਦੀ ਲਗਾਈ ਗਈ ਸੀ, ਉਹ ਅੱਜ ਦੁਪਹਿਰ (12 ਵਜੇ) ਨੂੰ ਖ਼ਤਮ ਕੀਤੀ ਜਾ ਰਹੀ ਹੈ। ਆਸ ਕੀਤੀ ਜਾ ਰਹੀ ਹੈ ਕਿ ਲੋਕ ਆਪਣਾ ਈਸਟਰ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਉਣ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕ ਪੂਰੀ ਤਰਾਂ ਸਾਵਧਾਨ ਰਹਿਣ ਅਤੇ ਕੋਈ ਵੀ ਅਜਿਹੀ ਅਣਗਹਿਲੀ ਨਾ ਕਰਨ ਜਿਸ ਕਾਰਨ ਸਭ ਨੂੰ ਬਾਅਦ ਵਿਚ ਪਛਤਾਉਣਾ ਪਵੇ। ਕੋਰੋਨਾ ਦੇ ਕਿਸੇ ਕਿਸਮ ਦੇ ਖ਼ਤਰੇ ਨੂੰ ਭਾਂਪਦਿਆਂ ਇਸ ਦੀ ਜਾਣਕਾਰੀ ਤੁਰੰਤ ਸਿਹਤ ਅਧਿਕਾਰੀਆਂ ਨੂੰ ਦੇਣ। ਤਾਲਾਬੰਦੀ ਖੁੱਲ੍ਹਣ 'ਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸੰਜਮ ਤੋਂ ਕੰਮ ਲੈਣ ਅਤੇ ਬਿਨਾਂ ਕਾਰਨ ਬਾਹਰ ਨਿਕਲ ਕੇ ਸੜਕਾਂ 'ਤੇ ਭੀੜ ਜਾਂ ਟ੍ਰੈਫਿਕ ਨਾ ਪੈਦਾ ਕਰਨ। ਉਨ੍ਹਾਂ ਉਚੇਚੇ ਤੌਰ 'ਤੇ ਕਿਹਾ ਕਿ ਰਾਜ ਵਿਰ ਕੁਝ ਥਾਵਾਂ 'ਤੇ ਅਗਲੇ ਦੋ ਹਫ਼ਤਿਆਂ ਤੱਕ ਕੁਝ ਪਾਬੰਦੀਆਂ ਲਾਗੂ ਰਹਿਣਗੀਆਂ ਜਿਵੇਂ ਕਿ ਚਾਰ ਦਿਵਾਰੀ ਦੇ ਅੰਦਰ (ਸ਼ਾਪਿੰਗ ਸੈਂਟਰ ਅਤੇ ਜਾਂ ਫਿਰ ਜਨਤਕ ਟ੍ਰਾਂਸਪੋਰਟ ਆਦਿ) ਇਕੱਠਾਂ ਦੌਰਾਨ ਮਾਸਕ ਪਾਉਣੇ ਜ਼ਰੂਰੀ ਹਨ ਅਤੇ ਘਰਾਂ ਵਿਚਲੇ ਇਕੱਠਾਂ ਲਈ 30 ਵਿਅਕਤੀਆਂ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਰੀਸਾਈਕਲਿੰਗ ਖੇਤਰ 'ਚ ਇਟਲੀ ਨੇ ਲਗਾਤਾਰ ਤੀਜ਼ੇ ਸਾਲ ਮਾਰੀ ਬਾਜ਼ੀ

ਰੈਸਟੋਰੈਂਟਾਂ, ਕੈਫੇ, ਬਾਰਾਂ ਅਤੇ ਕਲੱਬਾਂ ਅੰਦਰ ਵੀ ਬੈਠਣ ਦੀਆਂ ਥਾਵਾਂ ਜਿੰਨੇ ਹੀ ਇਕੱਠ ਦੀ ਇਜਾਜ਼ਤ ਹੈ ਅਤੇ ਜਨਤਕ ਅਦਾਰਿਆਂ ਆਦਿ ਅੰਦਰ ਡਾਂਸ ਕਰਨ 'ਤੇ ਪਾਬੰਦੀ ਹੈ। ਅਦਾਰਿਆਂ ਵਿਚ ਬਾਹਰੀ ਥਾਵਾਂ 'ਤੇ ਇਕੱਠਾਂ ਦੀ ਮਨਜ਼ੂਰੀ ਤਾਂ ਹੀ ਦਿੱਤੀ ਜਾਵੇਗੀ ਜੇਕਰ ਉਨ੍ਹਾਂ ਕੋਲ ਕੋਵਿਡ-ਸੇਫ ਪਲਾਨ ਹਨ ਅਤੇ ਈਸਟਰ ਮੌਕੇ ਵੀ ਧਾਰਮਿਕ ਇਕੱਠਾਂ ਸਈ ਸੋਸ਼ਲ ਦੂਰੀ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ। ਰਾਜ ਵਿਚ ਬੀਤੇ 24 ਘੰਟਿਆਂ ਦੌਰਾਨ 35,000 ਕੋਰੋਨਾ ਟੈਸਟ ਵੀ ਕੀਤੇ ਗਏ ਹਨ।

ਨੋਟ- ਬ੍ਰਿਸਬੇਨ 'ਚ ਅੱਜ ਖ਼ਤਮ ਹੋਵੇਗੀ ਤਾਲਾਬੰਦੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana